ਨਵੀਂ ਦਿੱਲੀ : ਕੁਲ ਹਿੰਦ ਕਿਸਾਨ ਸਭਾ ਨੇ ਕੇਂਦਰ ਵੱਲੋਂ 2022-23 ਦੇ ਸੀਜ਼ਨ ਲਈ ਗੰਨੇ ਦਾ ਭਾਅ 305 ਰੁਪਏ ਪ੍ਰਤੀ ਕੁਇੰਟਲ ਐਲਾਨਣ ਨੂੰ ਰੱਦ ਕਰ ਦਿੱਤਾ ਹੈ | ਸਭਾ ਦੇ ਵਰਕਿੰਗ ਪ੍ਰਧਾਨ ਰਵੂਲਾ ਵੈਂਕਈਆ ਤੇ ਜਨਰਲ ਸਕੱਤਰ ਅਤੁਲ ਕੁਮਾਰ ਅਨਜਾਨ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਭਾਅ ਨੂੰ ਵੱਡੀ ਕਾਮਯਾਬੀ ਦੱਸਣਾ ਹਾਸੋਹੀਣਾ ਹੈ | ਉਨ੍ਹਾਂ ਕਿਹਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ 2.4 ਫੀਸਦੀ ਦਾ ਵਾਧਾ ਗੰਨਾ ਕਿਸਾਨਾਂ ਨਾਲ ਘੋਰ ਬੇਇਨਸਾਫੀ ਹੈ | ਉਨ੍ਹਾਂ ਕਿਹਾ ਹੈ ਕਿ ਪਿਛਲੇ ਸਾਲ ਵਿਚ ਡੀਜ਼ਲ, ਪੈਟਰੋਲ, ਖਾਦ, ਕੀਟਨਾਸ਼ਕ ਤੇ ਖੇਤੀ ਵਿਚ ਇਸਤੇਮਾਲ ਹੋਣ ਵਾਲੀਆਂ ਹੋਰ ਸਮੱਗਰੀਆਂ ਦੇ ਭਾਅ 25 ਫੀਸਦੀ ਵੱਧ ਗਏ ਹਨ | ਇਸ ਦੀ ਤੁਲਨਾ ਵਿਚ 2.4 ਫੀਸਦੀ ਦਾ ਨਿਗੂਣਾ ਵਾਧਾ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੀ ਮਣਸ਼ਾ ਨੂੰ ਦਰਸਾਉਂਦਾ ਹੈ | ਸਭਾ ਦੇ ਜਨਰਲ ਸਕੱਤਰ ਤੇ ਸਵਾਮੀਨਾਥਨ ਕਮਿਸ਼ਨ ਦੇ ਮੈਂਬਰ ਅਤੁਲ ਅਨਜਾਨ ਨੇ ਦੇਸ਼ ਦੇ ਪੰਜ ਕਰੋੜ ਗੰਨਾ ਕਿਸਾਨਾਂ ਲਈ ਸੀ-2 ਪੱਲਸ 50 ਦੇ ਆਧਾਰ ‘ਤੇ 450 ਰੁਪਏ ਘੱਟੋ-ਘੱਟ ਭਾਅ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ | ਉਨ੍ਹਾ ਕਿਹਾ ਹੈ ਕਿ ਕਿਸਾਨਾਂ ਨੂੰ ਹੁਣ ਸਿਰਫ ਗੰਨੇ ਤੋਂ ਪੈਦਾ ਹੋਈ ਖੰਡ ਦੇ ਭਾਵਾਂ ਵਿਚ ਹਿੱਸੇਦਾਰੀ ਨਹੀਂ ਚਾਹੀਦੀ ਸਗੋਂ ਗੰਨੇ ਤੋਂ ਮਿੱਲਾਂ ਵਿਚ ਪੈਦਾ ਹੋਣ ਵਾਲੀ ਬਿਜਲੀ, ਸ਼ੀਰਾ, ਅਲਕੋਹਲ, ਗੁੱਦੇ ਤੇ ਉਸ ਤੋਂ ਬਣਨ ਵਾਲੇ ਕਾਗਜ਼ ਤੋਂ ਹੋਣ ਵਾਲੀ ਆਮਦਨ ਵਿਚ ਵੀ ਹਿੱਸੇਦਾਰੀ ਚਾਹੀਦੀ ਹੈ |