ਪਾਣੀ ਨੂੰ ਲੈ ਕੇ ਰਾਜ ਸਭਾ ਵਿਚ ਸਰਕਾਰ ਵੱਲੋਂ ਦਿੱਤੇ ਗਏ ਅੰਕੜੇ ਨਾ ਸਿਰਫ ਹੈਰਾਨ ਕਰਨ ਵਾਲੇ ਹਨ, ਸਗੋਂ ਡਰਾਉਣ ਵਾਲੇ ਵੀ ਹਨ | ਅੰਕੜਿਆਂ ਮੁਤਾਬਕ ਅਸੀਂ ਜ਼ਹਿਰੀਲਾ ਪਾਣੀ ਹੀ ਪੀ ਰਹੇ ਹਾਂ | ਦੇਸ਼ ਦੇ ਲੱਗਭੱਗ ਸਾਰੇ ਜ਼ਿਲਿ੍ਹਆਂ ਵਿਚ ਭੂ-ਜਲ ਵਿਚ ਜ਼ਹਿਰੀਆਂ ਧਾਤਾਂ ਦੀ ਮਾਤਰਾ ਵਧ ਚੁੱਕੀ ਹੈ | 25 ਰਾਜਾਂ ਦੇ 209 ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ਵਿਚ ਭੂ-ਜਲ ਵਿਚ ਆਰਸੈਨਿਕ ਦੀ ਮਾਤਰਾ 0.01 ਮਿਲੀਗਰਾਮ ਪ੍ਰਤੀ ਲੀਟਰ ਤੋਂ ਵੱਧ ਹੈ | 29 ਰਾਜਾਂ ਦੇ 491 ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ‘ਚ ਭੂ-ਜਲ ਵਿਚ ਆਇਰਨ ਦੀ ਮਾਤਰਾ ਇਕ ਮਿਲੀਗਰਾਮ ਪ੍ਰਤੀ ਲੀਟਰ ਤੋਂ ਵੀ ਵੱਧ ਹੈ | 11 ਰਾਜਾਂ ਦੇ 29 ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ‘ਚ ਭੂ-ਜਲ ਵਿਚ ਕੈਡਮਿਅਮ ਦੀ ਮਾਤਰਾ 0.003 ਮਿਲੀਗਰਾਮ ਪ੍ਰਤੀ ਲੀਟਰ ਤੋਂ ਵੱਧ ਮਿਲੀ ਹੈ | 16 ਰਾਜਾਂ ਦੇ 62 ਜ਼ਿਲਿ੍ਹਆਂ ਦੇ ਕੁਝ ਹਿੱਸਿਆਂ ਵਿਚ ਭੂ-ਜਲ ਵਿਚ ਕ੍ਰੋਮੀਅਮ ਦੀ ਮਾਤਰਾ 0.05 ਮਿਲੀਗਰਾਮ ਪ੍ਰਤੀ ਲੀਟਰ ਤੋਂ ਵੱਧ ਪਾਈ ਗਈ ਹੈ | 18 ਰਾਜਾਂ ਦੇ 152 ਜ਼ਿਲੇ ਅਜਿਹੇ ਹਨ, ਜਿਥੇ ਯੂਰੇਨੀਅਮ ਦੀ ਮਾਤਰਾ 0.03 ਮਿਲੀਗਰਾਮ ਪ੍ਰਤੀ ਲੀਟਰ ਤੋਂ ਵੱਧ ਹੈ |
ਜਲ ਸ਼ਕਤੀ ਮੰਤਰਾਲੇ ਮੁਤਾਬਕ ਦੇਸ਼ ਦੀ 80 ਫੀਸਦੀ ਤੋਂ ਵੱਧ ਆਬਾਦੀ ਨੂੰ ਜ਼ਮੀਨ ਤੋਂ ਪਾਣੀ ਮਿਲਦਾ ਹੈ | ਇਸ ਲਈ ਜੇ ਭੂ-ਜਲ ਵਿਚ ਖਤਰਨਾਕ ਧਾਤਾਂ ਦੀ ਮਾਤਰਾ ਨਿਰਧਾਰਤ ਮਾਤਰਾ ਤੋਂ ਵੱਧ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਪਾਣੀ ਜ਼ਹਿਰ ਬਣ ਰਿਹਾ ਹੈ | ਸਰਕਾਰ ਨੇ ਰਿਹਾਇਸ਼ੀ ਇਲਾਕਿਆਂ ਦੀ ਗਿਣਤੀ ਵੀ ਦੱਸੀ ਹੈ, ਜਿਥੇ ਪੀਣ ਵਾਲੀ ਪਾਣੀ ਦੇ ਸਰੋਤ ਪ੍ਰਦੂਸ਼ਤ ਹੋ ਗਏ ਹਨ | ਇਸ ਮੁਤਾਬਕ 671 ਖੇਤਰ ਫਲੋਰਾਈਡ, 814 ਖੇਤਰ ਆਰਸੈਨਿਕ, 14079 ਖੇਤਰ ਆਇਰਨ, 9930 ਖੇਤਰ ਸ਼ੋਰੇ, 517 ਖੇਤਰ ਨਾਈਟ੍ਰੇਟ ਅਤੇ 111 ਖੇਤਰ ਭਾਰੀ ਧਾਤਾਂ ਨਾਲ ਪ੍ਰਭਾਵਤ ਹਨ | ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੀ ਸਮੱਸਿਆ ਹੋਰ ਵੀ ਗੰਭੀਰ ਹੈ, ਜਿਥੇ ਪਾਣੀ ਦਾ ਮੁੱਖ ਸਰੋਤ ਖੂਹ, ਨਲਕੇ ਤੇ ਤਾਲਾਬ ਆਦਿ ਹਨ | ਇਥੇ ਪਾਣੀ ਸਿੱਧਾ ਜ਼ਮੀਨ ਤੋਂ ਆਉਂਦਾ ਹੈ | ਇਸ ਦੇ ਇਲਾਵਾ ਪਿੰਡਾਂ ਵਿਚ ਪਾਣੀ ਸਾਫ ਕਰਨ ਦਾ ਕੋਈ ਤਰੀਕਾ ਨਹੀਂ | ਇਸ ਤਰ੍ਹਾਂ ਪਿੰਡਾਂ ਦੇ ਲੋਕ ਜ਼ਹਿਰੀਲਾ ਪਾਣੀ ਪੀਣ ਨੂੰ ਮਜਬੂਰ ਹਨ |
ਸਰਕਾਰ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਸਵੱਛ ਪਾਣੀ ਮੁਹੱਈਆ ਕਰਵਾ ਦੇਵੇਗੀ, ਕਿਉਂਕਿ ਉਸ ਨੂੰ ਕਾਰਪੋਰੇਟੀਆਂ ਦੀ ਚਿੰਤਾ ਹੈ, ਜਿਹੜੇ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ | ਲੋਕਾਂ ਨੂੰ ਆਪਣੇ ਤੌਰ ‘ਤੇ ਹੀ ਜਤਨ ਕਰਨੇ ਪੈਣਗੇ, ਖਾਸ ਕਰਕੇ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦੇ | ਇਸ ਤੋਂ ਇਲਾਵਾ ਪਾਣੀ ਦੀ ਅੰਨ੍ਹੀ ਵਰਤੋਂ ਵੀ ਰੋਕਣੀ ਪਵੇਗੀ |