ਜੈਪੁਰ : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸੀ ਜੇ ਐੱਮ ਰਾਮਕੰਨਿਆ ਸੋਨੀ ਨੇ ਪਿਛਲੇ ਸਾਲ ਸਤੰਬਰ ’ਚ ਧਾਰੀਆਵਾੜ ’ਚ 20 ਸਾਲਾ ਗਰਭਵਤੀ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ’ਚ ਉਸ ਦੇ ਪਤੀ ਸਣੇ 14 ਪੁਰਸ਼ਾਂ ਨੂੰ ਸਨਿੱਚਰਵਾਰ 7-7 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਧਾਰੀਆਵਾੜ ਕਾਂਡ ਮਨੀਪੁਰ ’ਚ ਮਹਿਲਾਵਾਂ ਖਿਲਾਫ ਕੀਤੇ ਗਏ ਅਪਰਾਧ ਦੇ ਬਰਾਬਰ ਹੀ ਇਕ ਗੰਭੀਰ ਅਪਰਾਧ ਸੀ। ਮਾਮਲੇ ਵਿਚ ਤਿੰਨ ਮਹਿਲਾਵਾਂ ਨੂੰ ਵੀ 5-5 ਸਾਲ ਦੀ ਦੀ ਸਜ਼ਾ ਸੁਣਾਈ ਗਈ ਹੈ।
ਬੱਸ ਪਲਟਣ ਨਾਲ 7 ਮੌਤਾਂ
ਇਟਾਵਾ : ਯੂ ਪੀ ਦੇ ਇਟਾਵਾ ਜ਼ਿਲ੍ਹੇ ਦੇ ਊਸਰਾਹਾਰ ਥਾਣਾ ਖੇਤਰ ’ਚ ਲਖਨਊ-ਆਗਰਾ ਐਕਸਪ੍ਰੈੱਸਵੇ ’ਤੇ ਡਬਲ ਡੈਕਰ ਬੱਸ ਸ਼ਨੀਵਾਰ ਦੇਰ ਰਾਤ ਗਲਤ ਦਿਸ਼ਾ ਤੋਂ ਆ ਰਹੀ ਕਾਰ ਨਾਲ ਟਕਰਾਉਣ ਤੋਂ ਬਾਅਦ ਖਾਈ ’ਚ ਪਲਟਣ ਨਾਲ ਮਹਿਲਾ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ। ਕਰੀਬ 12.45 ਵਜੇ ਨਾਗਾਲੈਂਡ ਦੇ ਨੰਬਰ ਵਾਲੀ ਡਬਲ ਡੈਕਰ ਬੱਸ ਰਾਏ ਬਰੇਲੀ ਤੋਂ ਦਿੱਲੀ ਜਾ ਰਹੀ ਸੀ ਕਿ ਗਲਤ ਦਿਸ਼ਾ ’ਚੋਂ ਆ ਰਹੀ ਕਾਰ ਨਾਲ ਟਕਰਾਅ ਗਈ। ਕਾਰ ਆਗਰਾ ਤੋਂ ਲਖਨਊ ਵੱਲ ਜਾ ਰਹੀ ਸੀ। ਪੁਲਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਅਤੇ ਗਲਤ ਲੇਨ ’ਚ ਦਾਖਲ ਹੋ ਗਿਆ। ਬੱਸ ’ਚ ਕਰੀਬ 60 ਲੋਕ ਸਵਾਰ ਸਨ।
ਜੋਗਿੰਦਰ ਸਿੰਘ ਨਹੀਂ ਰਹੇ
ਚੰਡੀਗੜ੍ਹ : ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਬਾਨੀ ਜੋਗਿੰਦਰ ਸਿੰਘ (83) ਦਾ ਸੰਖੇਪ ਬਿਮਾਰੀ ਤੋਂ ਬਾਅਦ ਐਤਵਾਰ ਦੇਹਾਂਤ ਹੋ ਗਿਆ। ਉਨ੍ਹਾ ਦਾ ਜਨਮ 20 ਫਰਵਰੀ 1941 ਨੂੰ ਕਸਬਾ ਚੇਲੀਆਂਵਾਲਾ (ਪਾਕਿਸਤਾਨ) ਵਿਖੇ ਹੋਇਆ ਸੀ।
ਪਤੀ-ਪਤਨੀ ’ਤੇ ਚਾਕੂ ਨਾਲ ਹਮਲਾ
ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਵਸੰਤ ਕੁੰਜ ਇਲਾਕੇ ’ਚ ਐਤਵਾਰ ਤੜਕੇ ਚੋਰ ਨੇ ਘਰ ’ਚ ਵੜ ਕੇ ਭਾਰਤੀ ਰੈਵੇਨਿਊ ਸੇਵਾ (ਆਈ ਆਰ ਐੱਸ) ਦੇ 61 ਸਾਲਾ ਸੇਵਾਮੁਕਤ ਅਧਿਕਾਰੀ ਅਭੈ ਕੁਮਾਰ ਅਤੇ ਉਸ ਦੀ ਪਤਨੀ ਅਨੁਪਮਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਲਾਜ ਤੋਂ ਬਾਅਦ ਪਤੀ-ਪਤਨੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਸ ਨੇ 38 ਸਾਲਾ ਸ਼ਾਤਰ ਚੋਰ ਜਿਤੇਂਦਰ ਨੂੰ ਗਿ੍ਰਫਤਾਰ ਕਰ ਲਿਆ ਹੈ।
ਕਸ਼ਮੀਰ ’ਚ ਬੱਦਲ ਫਟਿਆ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਕਚੇਰਵਨ ਵਿਖੇ ਸ਼ਨੀਵਾਰ ਰਾਤ ਬੱਦਲ ਫਟਣ ਨਾਲ ਆਏ ਹੜ੍ਹ ਕਾਰਨ ਇਕ ਸੜਕ ਨੁਕਸਾਨੀ ਗਈ, ਜਿਸ ਨਾਲ ਸ੍ਰੀਨਗਰ-ਲੇਹ ਕੌਮੀ ਮਾਰਗ ਆਵਾਜਾਈ ਲਈ ਬੰਦ ਹੋ ਗਿਆ। ਹੜ੍ਹ ਕਰ ਕੇ ਕੁਝ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਕੌਮੀ ਮਾਰਗ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਦਾ ਸੰਪਰਕ ਲੱਦਾਖ ਨਾਲੋਂ ਟੁੱਟ ਗਿਆ ਹੈ ਅਤੇ ਅਮਰਨਾਥ ਯਾਤਰਾ ਲਈ ਬਾਲਟਾਲ ਬੇਸ ਕੈਂਪ ਤੱਕ ਸੰਪਰਕ ਸੁਵਿਧਾ ਵੀ ਪ੍ਰਭਾਵਤ ਹੋਈ ਹੈ।
ਕੰਧ ਡਿੱਗਣ ਨਾਲ 9 ਬੱਚਿਆਂ ਦੀ ਮੌਤ
ਸਾਗਰ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ’ਚ ਧਾਰਮਕ ਸਮਾਗਮ ਦੌਰਾਨ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ 10 ਤੋਂ 15 ਸਾਲ ਵਿਚਾਲੇ ਸੀ।
ਅਦਾਲਤ ਕੁੜੀ ਦੀ ਸੁਰੱਖਿਆ ਯਕੀਨੀ ਬਣਾਵੇ : ਅਖਿਲੇਸ਼
ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਅਯੁੱਧਿਆ ’ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਦਾ ਖੁਦ ਨੋਟਿਸ ਲਵੇ ਅਤੇ ਆਪਣੀ ਨਿਗਰਾਨੀ ’ਚ ਜਬਰ-ਜ਼ਨਾਹ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਵੇ। ਅਖਿਲੇਸ਼ ਨੇ ਇਹ ਵੀ ਕਿਹਾ ਕਿ ਇਸ ਘਟਨਾ ਦਾ ਸਿਆਸੀਕਰਨ ਕਰਨ ਦੀ ਗਲਤ ਮਨਸ਼ਾ ਰੱਖਣ ਵਾਲੇ ਲੋਕਾਂ ਦੇ ਇਰਾਦੇ ਕਦੇ ਸਫਲ ਨਹੀਂ ਹੋਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਜਬਰ-ਜ਼ਨਾਹ ਪੀੜਤਾ ਲਈ ਸਰਕਾਰ ਚੰਗੇ ਤੋਂ ਚੰਗੇ ਡਾਕਟਰ ਦਾ ਪ੍ਰਬੰਧ ਕਰਵਾਏ। ਕੁੜੀ ਦੀ ਜ਼ਿੰਦਗੀ ਦੀ ਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।