ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਮਨੁੱਖੀ ਅੰਗਾਂ ਨੂੰ ਵੱਖ-ਵੱਖ ਤਰੀਕੇ ਨਾਲ ਲਿਆਉਣ-ਲਿਜਾਣ ਸੰਬੰਧੀ ਪਹਿਲੀ ਵਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਇਨ੍ਹਾਂ ਅੰਗਾਂ ਨੂੰ ਲੈ ਕੇ ਜਾ ਰਹੀਆਂ ਉਡਾਣਾਂ ਲਈ ਏਅਰ ਟਰੈਫਿਕ ਕੰਟਰੋਲ ਨੂੰ ਉਡਾਣ ਭਰਨ ਤੇ ਉਤਰਨ ਸਮੇਂ ਪਹਿਲ ਦੇਣ ਅਤੇ ਮੂਹਰਲੀਆਂ ਕਤਾਰ ਦੀਆਂ ਸੀਟਾਂ ਦੇਣ ਦੀ ਬੇਨਤੀ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਜਾਰੀ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜਰ (ਐੱਸ ਓ ਪੀ) ਉਨ੍ਹਾਂ ਵਿਅਕਤੀਆਂ ਲਈ ਇਕ ਦਿਸ਼ਾ-ਨਿਰਦੇਸ਼ ਦਸਤਾਵੇਜ਼ ਹੋਵੇਗਾ, ਜਿਹੜੇ ਕਿ ਦੇਸ਼-ਭਰ ’ਚ ਅੰਗ ਟਰਾਂਸਪਲਾਂਟ ਕਰਨ ਦੇ ਕੰਮ ’ਚ ਸ਼ਾਮਲ ਹਨ।
2029 ’ਚ ਵੀ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ : ਸ਼ਾਹ
ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਵਿਚਲੀ ਐੱਨ ਡੀ ਏ ਸਰਕਾਰ ਦੀ ਮਜ਼ਬੂਤੀ ’ਤੇ ਉਠਾਏ ਜਾ ਰਹੇ ਸਵਾਲਾਂ ਬਾਰੇ ਐਤਵਾਰ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਨਾ ਸਿਰਫ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰੇਗਾ, ਬਲਕਿ 2029 ’ਚ ਵੀ ਸਰਕਾਰ ਬਣਾਏਗਾ ਤੇ ਨਰਿੰਦਰ ਮੋਦੀ ਜੀ ਹੀ ਪ੍ਰਧਾਨ ਬਣਨਗੇ। ਐਤਵਾਰ ਮਨੀਮਾਜਰਾ ’ਚ 24 ਘੰਟੇ ਪਾਣੀ ਦੀ ਸਪਲਾਈ ਸੰਬੰਧੀ ਪ੍ਰਾਜੈਕਟ ਦਾ ਉਦਘਾਟਨ ਕਰਨ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਲੋਕ ਜਿਹੜੇ ਵਾਰ-ਵਾਰ ਇਹ ਕਹਿੰਦੇ ਹਨ ਕਿ ਸਰਕਾਰ ਨਹੀਂ ਚੱਲੇਗੀ, ਉਹ ਲੋਕਾਂ ’ਚ ਅਨਿਸਚਿਤਤਾ ਪੈਦਾ ਕਰਨਾ ਚਾਹੁੰਦੇ ਹਨ। ਇਹ ਸੋਚਦੇ ਹਨ ਕਿ ਥੋੜ੍ਹੀ ਜਿਹੀ ਸਫਲਤਾ ਮਿਲ ਗਈ ਤਾਂ ਉਹ ਚੋਣਾਂ ਜਿੱਤ ਗਏ ਹਨ। ਉਹ ਇਹ ਨਹੀਂ ਜਾਣਦੇ ਕਿ ਕਾਂਗਰਸ ਨੇ ਜਿੰਨੀਆਂ ਸੀਟਾਂ ਤਿੰਨ ਚੋਣਾਂ ’ਚ ਜਿੱਤੀਆਂ ਹਨ, ਭਾਜਪਾ ਨੇ ਇਕੱਲੇ 2024 ’ਚ ਉਸ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ’ਚ ਜਿੰਨੀਆਂ ਸੀਟਾਂ ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਮਿਲ ਕੇ ਜਿੱਤੀਆਂ ਹਨ, ਉਸ ਨਾਲੋਂ ਵੱਧ ਤਾਂ ਇਕੱਲੀ ਭਾਜਪਾ ਨੇ ਜਿੱਤ ਲਈਆਂ ਹਨ।