ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਇਨਕਲਾਬੀ ਵਿਚਾਰਧਾਰਾ ਅਤੇ ਲੋਕਾਂ ਦੀ ਪੁੱਗਤ ਵਾਲੇ ਨਵੇਂ ਜਮਹੂਰੀਅਤ ਬਰਾਬਰੀ ਅਤੇ ਨਿਆਂਸ਼ੀਲਤਾ ਦੀ ਆਧਾਰਸ਼ਿਲਾ ‘ਤੇ ਟਿਕੇ ਸਮਾਜ ਦੀ ਸਿਰਜਣਾ ਦੇ ਚਿੰਨ੍ਹ, ਸ਼ਹੀਦ ਭਗਤ ਸਿੰਘ ਦੀ ਅਮਿਟ ਇਤਿਹਾਸਕ ਦੇਣ ਨੂੰ ਮੇਸਣ ਦੇ ਹੋਛੇ ਹੱਥਕੰਡੇ ਨਾਕਾਮ ਕਰਨ ਲਈ ਜਨਤਕ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾ ਕਿਹਾ ਕਿ ਜਲਿ੍ਹਆਂਵਾਲਾ ਖ਼ੂਨੀ ਵਿਸਾਖੀ ਦੇ ਮੁਜਰਿਮ ਜਨਰਲ ਡਾਇਰ ਨੂੰ ਦਰਬਾਰ ਸਾਹਿਬ ‘ਚ ਸਿਰੋਪਾ ਭੇਟ ਕਰਨ ਦੀ ਕਾਰਵਾਈ ਨੂੰ ਬੇਹਯਾਈ ਨਾਲ ਜਾਇਜ਼ ਠਹਿਰਾਉਣਾ ਅਤੇ ਕੌਮੀ ਮੁਕਤੀ ਲਹਿਰ ਦੇ ਦਗ਼ਦੇ ਸੂਰਜ ਸ਼ਹੀਦ ਭਗਤ ਸਿੰਘ ਦੇ ਮਿਸਾਲੀ ਜੀਵਨ-ਸੰਗਰਾਮ ਬਾਰੇ ਭਰਮ-ਭੁਲੇਖੇ ਖੜ੍ਹੇ ਕਰਨਾ ਆਪਣੇ-ਆਪ ‘ਚ ਮੁਲਕ ਦੇ ਲੋਕਾਂ, ਇਨਕਲਾਬੀ ਵਿਰਾਸਤ ਨਾਲ ਧੋ੍ਰਹ ਕਮਾਉਣਾ ਅਤੇ ਸਾਮਰਾਜ-ਭਗਤੀ ਦਾ ਸਬੂਤ ਦੇਣਾ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਕਿ ਮੁਲਕ ਦੇ ਸਿਰ ਚੜ੍ਹ ਬੋਲਦੇ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਨਿਘਾਰ ਤੋਂ ਮੁਕਤੀ ਦੇ ਮਾਰਗ-ਦਰਸ਼ਕ ਭਗਤ ਸਿੰਘ ਦੀ ਸੋਚ, ਆਦਰਸ਼ਾਂ, ਨਿਹਚਾ ਅਤੇ ਸਿਦਕ ਤੋਂ ਅੱਜ ਵੀ ਇਸ ਗਲੀ-ਸੜੀ ਵਿਵਸਥਾ ਨੂੰ ਭੈਅ ਆਉਂਦਾ ਹੈ, ਜਿਸ ਕਰਕੇ ਉਹਨਾਂ ਦੇ ਸਮੇਂ-ਸਮੇਂ ਅਜਿਹਾ ਢਿੱਡ ਸੂਲ ਉੱਠਦਾ ਰਹਿੰਦਾ ਹੈ |
ਉਹਨਾਂ ਕਿਹਾ ਕਿ ਦੇਸੀ-ਵਿਦੇਸ਼ੀ ਹਰ ਵੰਨਗੀ ਦੀ ਲੁੱਟ-ਖਸੁੱਟ, ਦਾਬੇ, ਵਿਤਕਰੇ, ਜਬਰ, ਅਨਿਆਂ ਤੋਂ ਮੁਕਤ ਤੱਕ ਜੱਦੋ-ਜਹਿਦ ਜਾਰੀ ਰੱਖਣ ਵਾਲੇ ਮਸ਼ਾਲਚੀ ਦੇ ਵਿਚਾਰਾਂ ਦੀ ਲੋਅ ਕਦੇ ਵੀ ਹੋਛੇ ਪ੍ਰਚਾਰ ਦੇ ਬੱਦਲਾਂ ਹੇਠ ਆ ਕੇ ਮੱਧਮ ਹੋਣ ਵਾਲੀ ਨਹੀਂ |
ਕਮੇਟੀ ਨੇ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਪਰਚਮ ਬੁਲੰਦ ਕਰਨ ਲਈ ਕਿਸੇ ਨਾ ਕਿਸੇ ਰੂਪ ‘ਚ ਯਤਨ ਜੁਟਾਉਣ ਦੀ ਅਪੀਲ ਕੀਤੀ ਹੈ |