ਸ਼ਾਹਕੋਟ : ਪਹਿਲੀ ਅਗਸਤ ਨੂੰ ਖੇਤੀ ਅਤੇ ਪੇਂਡੂ ਮਜ਼ਦੂਰਾਂ ਦੇ ਕੌਮੀ ਪੱਧਰ ਦੇ ਬਣੇ ਸਾਂਝੇ ਮੰਚ ਵੱਲੋਂ ਪ੍ਰਧਾਨ ਮੰਤਰੀ ਦੇ ਨਾਂਅ 23 ਮੰਗਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਅਤੇ ਐੱਸ ਡੀ ਐੱਮਜ਼ ਨੂੰ ਸੌਂਪਿਆ ਗਿਆ ਸੀ | ਇਹ ਮੰਗ ਪੱਤਰ ਦੇਸ਼ ਦੇ ਪੰਜ ਸੌ ਜ਼ਿਲਿ੍ਹਆਂ ਵਿੱਚ ਦਿੱਤੇ ਗਏ | ਮੰਗ ਪੱਤਰ ਦੇਣ ਵਾਲਿਆਂ ‘ਤੇ ਪਰਚਾ ਦਰਜ ਕਰਨ ਦੀ ਘਟਨਾ ਸਬ-ਡਵੀਜ਼ਨ ਸ਼ਾਹਕੋਟ ਤੋਂ ਬਿਨਾਂ ਦੇਸ਼ ਵਿੱਚ ਹੋਰ ਕਿੱਧਰੇ ਨਹੀਂ ਵਾਪਰੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ | ਉਨ੍ਹਾ ਕਿਹਾ ਕਿ ਸ਼ਾਹਕੋਟ ਪ੍ਰਸ਼ਾਸਨ ਨੇ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਪਰਚਾ ਦਰਜ ਕਰਕੇ ਜਿੱਥੇ ਆਪਣੀ ਨਾ-ਕਾਬਲੀਅਤ ਦਾ ਪ੍ਰਗਟਾਵਾ ਕਰ ਦਿੱਤਾ ਹੈ, ਉਥੇ ਆਪਣੀ ਮਜ਼ਦੂਰ ਵਿਰੋਧੀ ਮਾਨਸਿਕਤਾ ਵੀ ਜ਼ਾਹਰ ਕਰ ਦਿੱਤੀ | ਸ਼ਾਹਕੋਟ ਵਿੱਚ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਵਿਰੁੱਧ ਅਗਲੀ ਰਣਨੀਤੀ ਤੈਅ ਕਰਨ ਲਈ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੋਰੀਆ ਨੇ ਕਿਹਾ ਕਿ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਲਾਲ ਝੰਡੇ ਨੂੰ ਪ੍ਰਣਾਈਆਂ ਜਥੇਬੰਦੀਆਂ ਪੰਜਾਬ ਪੱਧਰ ਦਾ ਸੰਘਰਸ਼ ਵਿੱਢ ਦੇਣਗੀਆਂ |
ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਹਕੋਟ ਪੁਲਸ ਵੱਲੋਂ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਝੂਠਾ ਪਰਚਾ ਦਰਜ ਕਰਕੇ ਖੇਤੀ ਅਤੇ ਪੇਂਡੂ ਮਜ਼ਦੂਰ ਵਰਕਰਾਂ ਦੀਆਂ ਪੰਜ ਜਥੇਬੰਦੀਆਂ ਦੀ ਤੌਹੀਨ ਕੀਤੀ ਹੈ | ਇਹ ਤੌਹੀਨ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਇਸ ਮੀਟਿੰਗ ਵਿੱਚ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਕਾਮਰੇਡ ਹਰਮੇਸ਼ ਮਾਲੜੀ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਸੂਰਤ ਸਿੰਘ ਧਰਮਕੋਟ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਸੀ ਪੀ ਆਈ (ਐੱਮ) ਤਹਿਸੀਲ ਸ਼ਾਹਕੋਟ ਦੇ ਸਕੱਤਰ ਕਾਮਰੇਡ ਵਰਿੰਦਪਾਲ ਸਿੰਘ ਕਾਲਾ, ਕਿਸਾਨ ਸਭਾ ਦੇ ਆਗੂ ਕਾਮਰੇਡ ਕੇਵਲ ਸਿੰਘ ਦਾਨੇਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਿਕੰਦਰ ਸਿੰਘ ਸੰਧੂ, ਕੱੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੰਦੀਪ ਅਰੋੜਾ ਆਦਿ ਸ਼ਾਮਲ ਸਨ |
ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਾਮਰੇਡ ਵਰਿੰਦਰਪਾਲ ਸਿੰਘ ਨੂੰ ਕਨਵੀਨਰ ਲਾਇਆ ਗਿਆ |
ਹੋਰ ਮੈਂਬਰਾਂ ਵਿੱਚ ਕਾਮਰੇਡ ਕੇਵਲ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਨਿਰਮਲ ਸਿੰਘ ਸਹੋਤਾ, ਕਾਮਰੇਡ ਤਾਰਾ ਸਿੰਘ ਥੰਮੂਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਨੀਲ ਕੁਮਾਰ ਰਾਜੇਵਾਲ ਆਦਿ ਸ਼ਾਮਲ ਸਨ | ਇਹ ਵੀ ਫੈਸਲਾ ਹੋਇਆ ਕਿ ਲੋੜ ਮੁਤਾਬਕ ਕਮੇਟੀ ਮੈਂਬਰਾਂ ਦੀ ਗਿਣਤੀ ‘ਚ ਵਾਧਾ ਕੀਤਾ ਜਾ ਸਕਦਾ ਹੈ |