ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਸਪੱਸ਼ਟੀਕਰਨ ਸੋਮਵਾਰ ਜਨਤਕ ਕਰ ਦਿੱਤੇ। ਇਸ ਸੰਬੰਧੀ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਗੈਰ ਰਸਮੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਲਾਹ-ਮਸ਼ਵਰੇ ਮਗਰੋਂ ਇਹ ਦੋਵੇਂ ਸਪੱਸ਼ਟੀਕਰਨ ਪੱਤਰ ਜਨਤਕ ਕੀਤੇ ਗਏ।ਜਥੇਦਾਰ ਦੇ ਮੀਡੀਆ ਸਕੱਤਰ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਸਪੱਸ਼ਟੀਕਰਨ ਸੰਬੰਧੀ ਪਾਏ ਜਾ ਰਹੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਦੋਵੇਂ ਪੱਤਰ ਜਨਤਕ ਕੀਤੇ ਗਏ ਹਨ।
ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਵਿੱਚ ਉਨ੍ਹਾ ਅਕਾਲੀ ਸਰਕਾਰ ਵੇਲੇ ਸਮੁੱਚੀ ਪਾਰਟੀ, ਪਾਰਟੀ ਦੇ ਆਗੂਆਂ ਅਤੇ ਹੋਰਨਾਂ ਵੱਲੋਂ ਹੋਈਆਂ ਭੁੱਲਾਂ-ਚੁੱਕਾਂ, ਗਲਤੀਆਂ ਨੂੰ ਆਪਣੀ ਝੋਲੀ ਵਿੱਚ ਪਾਇਆ ਅਤੇ ਕਿਹਾ ਕਿ ਅਣਜਾਣੇ ਵਿੱਚ ਹੋਈਆਂ ਇਨ੍ਹਾਂ ਭੁੱਲਾਂ ਦੀ ਉਹ ਖਿਮਾ ਯਾਚਨਾ ਕਰਦੇ ਹਨ। ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਵੱਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਉਨ੍ਹਾ ਨੂੰ ਪ੍ਰਵਾਨ ਹੋਵੇਗਾ। ਐਡਵੋਕੇਟ ਧਾਮੀ ਨੇ ਸਪੱਸ਼ਟੀਕਰਨ ’ਚ ਕਿਹਾ ਕਿ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ’ਚ ਗੁਰਮਤਾ ਕੀਤਾ ਗਿਆ ਸੀ, ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਅਵਤਾਰ ਸਿੰਘ ਦੇ ਹੁਕਮ ’ਤੇ ਹੀ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਸੀ। ਇਹ ਇਸ਼ਤਿਹਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਅਤੇ ਆਦੇਸ਼ ਦੇ ਸਤਿਕਾਰ, ਬੇਅਦਬੀਆਂ ਸੰਬੰਧੀ ਪਸ਼ਚਾਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ, ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦਿ ਨਾਲ ਸਬੰਧੰਤ ਸਨ। ਬਾਗੀ ਧੜੇ ਵੱਲੋਂ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਦਿੱਤਾ ਗਿਆ ਸੀ ਅਤੇ ਉਸ ’ਚ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਕੋਲੋਂ 15 ਦਿਨਾਂ ’ਚ ਸਪੱਸ਼ਟੀਕਰਨ ਮੰਗਿਆ ਸੀ।ਸੁਖਬੀਰ ਬਾਦਲ ਨੇ 24 ਜੁਲਾਈ ਨੂੰ ਬੰਦ ਲਿਫਾਫੇ ’ਚ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਦਿੱਤਾ ਗਿਆ, ਜਿਸ ਤੋਂ ਬਾਅਦ ਸੰਗਤ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬੰਦ ਲਿਫਾਫੇ ਦੇ ਸਪੱਸ਼ਟੀਕਰਨ ਨੂੰ ਜਨਤਕ ਕੀਤਾ ਜਾਵੇ।



