ਭੁਬਨੇਸ਼ਵਰ : ਓਡੀਸ਼ਾ ਸਰਕਾਰ ਸਪਲਾਈ ਵਿਚ ਸੁਧਾਰ ਕਰਨ ਅਤੇ ਕੀਮਤਾਂ ਘਟਾਉਣ ਦੇ ਮੱਦੇਨਜ਼ਰ ਪੰਜਾਬ ਤੋਂ ਆਲੂਆਂ ਦੀ ਖਰੀਦ ਕਰ ਸਕਦੀ ਹੈ। ਖੁਰਾਕ ਸਪਲਾਈ ਅਤੇ ਖਪਤਕਾਰ ਕਲਿਆਣ ਮੰਤਰੀ ਕਿ੍ਰਸ਼ਨ ਚੰਦਰ ਪਾਤਰਾ ਨੇ ਦੱਸਿਆ ਕਿ ਯੂ ਪੀ ਤੋਂ ਖਰੀਦ ਦੇ ਬਾਵਜੂਦ ਆਲੂ ਦੀ ਕੀਮਤ 45 ਰੁਪਏ ਪ੍ਰਤੀ ਕਿਲੋ ’ਤੇ ਬਣੀ ਰਹੀ। ਗੁਆਂਢੀ ਸੂਬਾ ਪੱਛਮੀ ਬੰਗਾਲ ਤੋਂ ਜ਼ਰੂਰਤ ਯੋਗ ਸਪਲਾਈ ਨਾ ਹੋਣ ਕਾਰਨ ਆਲੂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪਾਤਰਾ ਨੇ ਕਿਹਾ-ਅਸੀਂ ਹੁਣ ਯੂ ਪੀ ਤੋਂ ਆਲੂ ਖਰੀਦ ਰਹੇ ਹਾਂ, ਜੇ ਲੋੜ ਪਈ ਤਾਂ ਅਸੀਂ ਪੰਜਾਬ ਤੋਂ ਵੀ ਦਰਾਮਦ ਕਰਾਂਗੇ।
ਫੁੱਟਬਾਲ ਦੇ ਫਾਈਨਲ ’ਚ ਸਪੇਨ ਤੇ ਫਰਾਂਸ ਭਿੜਨਗੇ
ਫਰਾਂਸ : ਸਪੇਨ ਪਹਿਲੇ ਅੱਧ ਵਿਚ ਪਛੜਨ ਤੋਂ ਬਾਅਦ ਜੁਆਨਲੁ ਸਾਂਚੇਜ ਵੱਲੋਂ ਕੀਤੇ ਗੋਲ ਦੀ ਮਦਦ ਨਾਲ ਮੋਰੱਕੋ ਨੂੰ 2 1 ਨਾਲ ਹਰਾ ਕੇ ਫੁੱਟਬਾਲ ਦੇ ਫਾਈਨਲ ਵਿਚ ਪੁੱਜ ਗਿਆ। ਉਹ ਲਗਾਤਾਰ ਦੂਜੀ ਅਤੇ ਰਿਕਾਰਡ ਪੰਜਵੀਂ ਵਾਰ ਫਾਈਨਲ ਵਿਚ ਪੁੱਜਾ ਹੈ। ਉਹ ਫਾਈਨਲ ਵਿਚ ਮੇਜ਼ਬਾਨ ਫਰਾਂਸ ਨਾਲ ਭਿੜੇਗਾ। ਇਸ ਦੇ ਨਾਲ ਹੀ ਪਿਛਲੇ 32 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਯੂਰਪ ਦੀ ਕੋਈ ਟੀਮ ਸੋਨ ਤਮਗਾ ਜਿੱਤੇਗੀ।
ਕਮਲਾ ਹੈਰਿਸ ਬਣੀ ਉਮੀਦਵਾਰ
ਵਾਸ਼ਿੰਗਟਨ : ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਅਧਿਕਾਰਤ ਉਮੀਦਵਾਰੀ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਉਹ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਫਰੀਕੀ ਮਹਿਲਾ ਬਣ ਗਈ। ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਹੈਰਿਸ ਨੂੰ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਐਲਾਨਿਆ ਗਿਆ ਸੀ।
ਰਾਜਸਥਾਨ ’ਚ ਹੱਦੋਂ ਵੱਧ ਬਾਰਿਸ਼
ਜੈਪੁਰ : ਰਾਜਸਥਾਨ ਦੇ ਕਈ ਇਲਾਕਿਆਂ ’ਚ ਸੋਮਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਲੰਘੇ 24 ਘੰਟਿਆਂ ’ਚ ਜੈਸਲਮੇਰ, ਜੋਧਪੁਰ ਅਤੇ ਪਾਲੀ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਬੇਹੱਦ ਭਾਰੀ ਮਤਲਬ 200 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਰੇਲਵੇ ਨੇ ਕਈ ਰੇਲਾਂ ਰੱਦ ਕਰ ਦਿੱਤੀਆਂ ਹਨ। ਮੰਗਲਵਾਰ ਸਵੇਰੇ 8.30 ਵਜੇ ਸਮਾਪਤ ਹੋਏ 24 ਘੰਟੇ ਦੌਰਾਨ ਜੈਸਲਮੇਰ ਦੇ ਮੋਹਨਗੜ੍ਹ ’ਚ 260 ਮਿਲੀਮੀਟਰ ਤੇ ਭਨੀਆਨਾ ’ਚ 206 ਮਿਲੀਮੀਟਰ, ਜੋਧਪੁਰ ਦੇ ਦੇਚੂ ’ਚ 246 ਮਿਲੀਮੀਟਰ ਅਤੇ ਪਾਲੀ ’ਚ 257 ਮਿਲੀਮੀਟਰ ਬਾਰਿਸ਼ ਹੋਈ।
ਅਡਵਾਨੀ ਅਪੋਲੋ ’ਚ
ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕਿ੍ਰਸ਼ਨ ਅਡਵਾਨੀ (96) ਨੂੰ ਮੰਗਲਵਾਰ ਅਪੋਲੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜੁਲਾਈ ਦੇ ਪਹਿਲੇ ਹਫਤੇ ਦੌਰਾਨ ਵੀ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਉਨ੍ਹਾ ਨੂੰ ਦੋ ਦਿਨ ਇਸੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਕਰਜ਼ਈ ਸ਼ੂਟਰ ਦੀਆਂ ਨਜ਼ਰਾਂ ’ਚ ਬਿਸ਼ਨੋਈ ਬੇਕਸੂਰ
ਮੁੰਬਈ : ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਅਪਰੈਲ ਮਹੀਨੇ ਗੋਲੀਬਾਰੀ ਕਰਨ ਵਾਲਿਆਂ ’ਚੋਂ ਇਕ ਸ਼ੂਟਰ ਨੇ ਜ਼ਮਾਨਤ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਿਧਾਂਤਾਂ ਤੋਂ ਪ੍ਰੇਰਤ ਹੈ। ਮੁਲਜ਼ਮ ਵਿੱਕੀ ਕੁਮਾਰ ਗੁਪਤਾ ਨੇ ਮੰਗਲਵਾਰ ਕਿਹਾ ਕਿ ਉਸ ਨੇ ਕਰਜ਼ੇ ’ਚ ਫਸੇ ਹੋਣ ਕਾਰਨ ਕਥਿਤ ਅਪਰਾਧ ਕੀਤਾ। ਮੁਲਜ਼ਮ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਦਾ ਨਾਂਅ ਮਾਮਲੇ ’ਚ ਗਲਤ ਤਰੀਕੇ ਨਾਲ ਲਿਆ ਗਿਆ ਹੈ ਅਤੇ ਗੋਲੀਬਾਰੀ ’ਚ ਉਸ ਦੀ ਕੋਈ ਭੂਮਿਕਾ ਨਹੀਂ ਹੈ, ਜਿਵੇਂ ਕਿ ਮੁੰਬਈ ਪੁਲਸ ਦਾਅਵਾ ਕਰ ਰਹੀ ਹੈ। ਉਸ ਨੇ ਕਿਹਾ ਕਿ ਗੋਲੀਬਾਰੀ ਦਾ ਮਕਸਦ ਸਲਮਾਨ ਖਾਨ ਨੂੰ 26 ਸਾਲ ਪਹਿਲਾਂ ਦੋ ਕਾਲੇ ਹਿਰਨਾਂ ਨੂੰ ਮਾਰਨ ਦੇ ਕਥਿਤ ਕਾਰੇ ਲਈ ਡਰਾਉਣਾ ਸੀ।
ਸੁਪਰੀਮ ਕੋਰਟ ਹਿਜਾਬ ’ਤੇ ਰੋਕ ਦਾ ਮਾਮਲਾ ਸੁਣੇਗੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਬੰਬੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੂਚੀਬੱਧ ਕਰਨ ਦਾ ਆਦੇਸ਼ ਦਿੱਤਾ, ਜਿਸ ਵਿਚ ਮੁੰਬਈ ਦੇ ਇਕ ਕਾਲਜ ਵਿਚ ਹਿਜਾਬ, ਬੁਰਕਾ ਜਾਂ ਨਕਾਬ ਪਾਉਣ ’ਤੇ ਪਾਬੰਦੀ ਲਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ। ਬੰਬੇ ਹਾਈ ਕੋਰਟ ਨੇ ਪਾਬੰਦੀਆਂ ਦੇ ਫੈਸਲੇ ਵਿਚ ਦਖਲਅੰਦਾਜ਼ੀ ਕਰਨ ਤੋਂ 26 ਜੂਨ ਨੂੰ ਇਨਕਾਰ ਕਰਦਿਆਂ ਕਿਹਾ ਸੀ ਕਿ ਅਜਿਹੇ ਨਿਯਮਾਂ ਨਾਲ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ। ਹਾਈ ਕੋਰਟ ਨੇ ਕਿਹਾ ਸੀ ਕਿ ਡਰੈੱਸ ਕੋਡ ਦਾ ਉਦੇਸ਼ ਅਨੁਸ਼ਾਸਨ ਨੂੰ ਬਣਾਈ ਰੱਖਣਾ ਹੈ, ਜੋ ਕਿ ਵਿਦਿਅਕ ਸੰਸਥਾ ਨੂੰ ਸਥਾਪਤ ਅਤੇ ਪ੍ਰਬੰਧਤ ਕਰਨ ਲਈ ਕਾਲਜਾਂ ਦੇ ਬੁਨਿਆਦੀ ਅਧਿਕਾਰ ਦਾ ਹਿੱਸਾ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਤੁਰੰਤ ਸੂਚੀਬੱਧ ਕਰਨ ਦੀ ਅਪੀਲ ਦੇ ਮੱਦੇਨਜ਼ਰ ਕਿਹਾ ਕਿ ਇਸ ਮਾਮਲੇ ਲਈ ਪਹਿਲਾਂ ਹੀ ਇਕ ਬੈਂਚ ਤੈਅ ਕੀਤੀ ਗਈ ਹੈ ਅਤੇ ਇਸ ਨੂੰ ਜਲਦ ਹੀ ਸੂਚੀਬੱਧ ਕੀਤਾ ਜਾਵੇਗਾ।




