ਨਵੀਂ ਦਿੱਲੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਲੰਡਨ ਜਾਣ ਦੀ ਯੋਜਨਾ ਕੁਝ ‘ਅਨਿਸ਼ਚਿਤਤਾਵਾਂ’ ਕਾਰਨ ਲਮਕ ਗਈ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਉਨ੍ਹਾ ਦੇ ਭਾਰਤ ਤੋਂ ਬਾਹਰ ਜਾਣ ਦੀ ਸੰਭਾਵਨਾ ਨਹੀਂ ਹੈ।
ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਸੋਮਵਾਰ ਨੂੰ ਹਿੰਡਨ ਏਅਰਬੇਸ ’ਤੇ ਪਹੁੰਚੀ ਹਸੀਨਾ ਨੂੰ ਇਕ ਅਣਪਛਾਤੇ ਸਥਾਨ ’ਤੇ ਲਿਜਾਇਆ ਗਿਆ ਅਤੇ ਉਨ੍ਹਾ ਨੂੰ ਸਖਤ ਸੁਰੱਖਿਆ ’ਚ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਸੀਨਾ ਆਪਣੀ ਭੈਣ ਰੇਹਾਨਾ ਨਾਲ ਅਸਥਾਈ ਸ਼ਰਨ ਵਾਸਤੇ ਭਾਰਤ ਤੋਂ ਲੰਡਨ ਜਾਣ ਵਾਲੀ ਸੀ ਪਰ ਹੁਣ ਉਹ ਹੋਰ ਬਦਲਾਂ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਬਰਤਾਨੀਆ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾ ਨੂੰ ਉਨ੍ਹਾ ਦੇ ਦੇਸ਼ ’ਚ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਸੰਭਾਵੀ ਜਾਂਚ ਖਿਲਾਫ ਬਰਤਾਨੀਆ ’ਚ ਕਾਨੂੰਨੀ ਸੁਰੱਖਿਆ ਨਹੀਂ ਮਿਲ ਸਕਦੀ।

