ਬੰਗਲਾਦੇਸ਼ ’ਚ ਸੰਸਦ ਭੰਗ, ਖਾਲਿਦਾ ਰਿਹਾਅ

0
101

ਢਾਕਾ : ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅੰਤਰਮ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰਦਿਆਂ ਜਾਤੀਆ ਸੰਗਸਦ (ਸੰਸਦ) ਭੰਗ ਕਰ ਦਿੱਤੀ ਹੈ। ਇਹ ਫੈਸਲਾ ਉਨ੍ਹਾ ਤਿੰਨਾਂ ਸੈਨਾ ਮੁਖੀਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ, ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਅਤੇ ਵਿਤਕਰੇ-ਵਿਰੋਧੀ ਵਿਦਿਆਰਥੀ ਅੰਦੋਲਨ ਦੇ ਆਗੂਆਂ ਨਾਲ ਮਸ਼ਵਰਾ ਕਰਕੇ ਕੀਤਾ।
ਇਸੇ ਦੌਰਾਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (79) ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾ ਤੋਂ ਇਲਾਵਾ ਹੋਰ ਜੇਲ੍ਹਬੰਦ ਆਗੂਆਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੰਦੋਲਨ ਦੇ ਅਹਿਮ ਕੋਆਰਡੀਨੇਟਰ ਨਹੀਦ ਇਸਲਾਮ ਨੇ ਕਿਹਾ ਹੈ ਕਿ ਉਨ੍ਹਾ 84 ਸਾਲਾ ਨੋਬੇਲ ਇਨਾਮ ਜੇਤੂ ਮੁਹੰਮਦ ਯੂਨਸ ਨੂੰ ਅੰਤਰਮ ਸਰਕਾਰ ਦਾ ਮੁਖੀ ਬਣਾਉਣ ਦਾ ਸੁਝਾਅ ਦਿੱਤਾ ਹੈ। ਯੂਨਸ ਨਾਲ ਗੱਲ ਹੋ ਗਈ ਹੈ ਤੇ ਉਹ ਮੰਨ ਵੀ ਗਏ ਹਨ। ਨਹੀਦ ਨੇ ਕਿਹਾ ਕਿ ਉਹ ਵਿਦਿਆਰਥੀਆਂ ਵੱਲੋਂ ਸੁਝਾਈ ਸਰਕਾਰ ਤੋਂ ਬਿਨਾਂ ਕੋਈ ਹੋਰ ਸਰਕਾਰ ਮਨਜ਼ੂਰ ਨਹੀਂ ਕਰਨਗੇ। ਮਿਲਟਰੀ ਸਰਕਾਰ ਜਾਂ ਮਿਲਟਰੀ ਦੀ ਹਮਾਇਤ ਵਾਲੀ ਸਰਕਾਰ ਜਾਂ ਫਾਸ਼ੀ ਸਰਕਾਰ ਮਨਜ਼ੂਰ ਨਹੀਂ ਹੋਵੇਗੀ। ਇਸੇ ਦੌਰਾਨ 100 ਹੋਰ ਮੌਤਾਂ ਨਾਲ ਦੇਸ਼ ਵਿਚ ਹਿੰਸਾ ਕਾਰਨ ਮੌਤਾਂ ਦੀ ਗਿਣਤੀ 440 ਹੋ ਗਈ ਹੈ। ਅਮਰੀਕਾ ਨੇ ਕਿਹਾ ਹੈ ਕਿ ਬੰਗਲਾਦੇਸ਼ ’ਚ ਲੋਕਤੰਤਰੀ ਕੀਮਤਾਂ, ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅੰਤਰਮ ਸਰਕਾਰ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ-ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿੱਖ ਨਿਰਧਾਰਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ। ਅਮਰੀਕਾ ਬੰਗਲਾਦੇਸ਼ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਹਿੰਸਾ ਖਤਮ ਕਰਨ ਤੇ ਪਿਛਲੇ ਕੁਝ ਹਫਤਿਆਂ ’ਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ।

LEAVE A REPLY

Please enter your comment!
Please enter your name here