ਨਵੀਂ ਦਿੱਲੀ : ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੰੂ ਭਾਕਰ ਬੁੱਧਵਾਰ ਸਵੇਰੇ ਦੇਸ਼ ਪਰਤ ਆਈ। ਪ੍ਰਸ਼ੰਸਕਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਕੇ, ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਏਅਰ ਇੰਡੀਆ ਦੀ ਉਡਾਣ, ਜੋ ਭਾਕਰ ਨੂੰ ਪੈਰਿਸ ਤੋਂ ਦਿੱਲੀ ਲੈ ਕੇ ਆਈ ਸੀ, ਸਵੇਰੇ 9:20 ਵਜੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਇਕ ਘੰਟਾ ਦੇਰੀ ਨਾਲ ਉਤਰੀ। ਸ਼ਹਿਰ ’ਚ ਸਵੇਰ ਸਮੇਂ ਬੂੰਦਾ-ਬਾਂਦੀ ਹੋਣ ਦੇ ਬਾਵਜੂਦ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਬੈਠੇ ਸੈਂਕੜੇ ਲੋਕਾਂ ਨੇ ਉਸ ਦਾ ਅਤੇ ਉਸ ਦੇ ਕੋਚ ਜਸਪਾਲ ਰਾਣਾ ਦਾ ਸ਼ਾਨਦਾਰ ਸਵਾਗਤ ਕੀਤਾ। 22 ਸਾਲਾ ਭਾਕਰ ਨੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਇੱਕ-ਇੱਕ ਕਾਂਸੀ ਦਾ ਤਮਗਾ ਜਿੱਤਿਆ।
ਮਿਕਸਡ ਟੀਮ ਇਵੈਂਟ ’ਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਦੇਸ਼ ਲਈ ਉਲੰਪਿਕ ਇਤਿਹਾਸ ਰਚਿਆ। ਹਵਾਈ ਅੱਡੇ ਦੇ ਬਾਹਰ ਭੀੜ ਨੂੰ ਕਾਬੂ ’ਚ ਰੱਖਣ ਲਈ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਸੀ। ਪੁਲਸ ਦੀ ਮੁਸਤੈਦੀ ਦੇ ਬਾਵਜੂਦ ਲੋਕਾਂ ਦਾ ਜੋਸ਼ ਇੰਨਾ ਜ਼ਿਆਦਾ ਸੀ ਕਿ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਭਾਕਰ ਅਤੇ ਰਾਣਾ ਨੂੰ ਆਖਰਕਾਰ ਇਕੱਠ ਨੇ ਮੋਢਿਆਂ ’ਤੇ ਚੁੱਕ ਲਿਆ।