ਪੈਰਿਸ : ਭਾਰਤ ਦੀਆਂ ਉਲੰਪਿਕ ਖੁਸ਼ੀਆਂ ਸਦਮੇ ਵਿਚ ਬਦਲ ਗਈਆਂ, ਜਦੋਂ 50 ਕਿੱਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਲਵਾਨ ਵਿਨੇਸ਼ ਫੋਗਾਟ ਨੂੰ ਇਸ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ ਕਿ ਉਸ ਦਾ ਭਾਰ ਬੁੱਧਵਾਰ ਸਵੇਰੇ 50 ਕਿੱਲੋ 100 ਗ੍ਰਾਮ ਨਿਕਲਿਆ। ਮੰਗਲਵਾਰ ਉੱਤੋੜਿਤੀ ਤਿੰਨ ਮੁਕਾਬਲੇ ਜਿੱਤ ਕੇ ਫੋਗਾਟ ਦੇਸ਼ ਦੀ ਪਹਿਲੀ ਭਲਵਾਨ ਬਣੀ ਸੀ, ਜਿਸ ਨੇ ਸੋਨੇ-ਚਾਂਦੀ ਦਾ ਮੁਕਾਬਲਾ ਲੜਨਾ ਸੀ। ਅੱਜ ਤੱਕ ਨਾ ਮਰਦਾਂ ਤੇ ਨਾ ਮਹਿਲਾਵਾਂ ’ਚੋਂ ਕੋਈ ਭਾਰਤੀ ਭਲਵਾਨ ਫਾਈਨਲ ’ਚ ਪੁੱਜਾ ਸੀ। ਅਯੋਗ ਕਰਾਰ ਦਿੱਤੇ ਜਾਣ ਕਾਰਨ ਉਸ ਨੂੰ ਚਾਂਦੀ ਦਾ ਤਮਗਾ ਵੀ ਨਸੀਬ ਨਹੀਂ ਹੋਇਆ ਤੇ ਇਸ ਨਾਲ ਕਰੋੜਾਂ ਦਿਲ ਟੁੱਟ ਗਏ। ਫੋਗਾਟ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਅਣਕਿਆਸੇ ‘ਦਾਅ’ ਨੇ ਉਸ ਦੀ ਏਨੇ ਵਰ੍ਹਿਆਂ ਦੀ ਮਿਹਨਤ ’ਤੇ ਪਾਣੀ ਫੇਰ ਦੇਣਾ।
ਸੂਤਰਾਂ ਮੁਤਾਬਕ ਭਾਰ ਵਧਣ ਦਾ ਫੋਗਾਟ ਤੇ ਕੋਚ ਨੂੰ ਮੰਗਲਵਾਰ ਰਾਤ ਪਤਾ ਲੱਗ ਗਿਆ ਸੀ। ਫੋਗਾਟ ਸਾਰੀ ਰਾਤ ਸੁੱਤੀ ਨਹੀਂ ਅਤੇ ਭਾਰ ਘਟਾਉਣ ਲਈ ਕਸਰਤ ਕਰਦੀ ਰਹੀ, ਪਰ ਭਾਰ ਘਟਾਉਣ ਦੀ ਚਿੰਤਾ ਨੇ ਕੰਮ ਖਰਾਬ ਕੀਤਾ। ਚਿੰਤਾ ਕਾਰਨ ਪਸੀਨਾ ਨਹੀਂ ਨਿਕਲਦਾ ਤੇ ਪੂਰਾ ਪਸੀਨਾ ਨਾ ਨਿਕਲਣ ਕਾਰਨ ਭਾਰ ਚੰਗੀ ਤਰ੍ਹਾਂ ਘਟਿਆ ਨਹੀਂ। ਭਾਰ ਘਟਾਉਣ ਲਈ ਉਸ ਨੇ ਵਾਲ ਤੇ ਨਹੁੰ ਤੱਕ ਕਟਵਾਏ। ਕਾਸਟਿਊਮ ਵੀ ਛੋਟਾ ਕਰਵਾਇਆ, ਪਰ ਚਿੰਤਾ ਦਾਅ ਦਾ ਫੋਗਾਟ ਢੁੱਕਵਾਂ ਤੋੜ ਨਹੀਂ ਕੱਢ ਸਕੀ। ਦਰਅਸਲ ਫੋਗਾਟ ਨੇ ਇਕ ਦਿਨ ਵਿਚ ਤਿੰਨ ਮੁਕਾਬਲਿਆਂ ਦਰਮਿਆਨ ਨਿਕਲੀ ਤਾਕਤ ਤੇ ਊਰਜਾ ਦੀ ਭਰਪਾਈ ਲਈ ਜੋ ਖਾਧਾ ਤੇ ਪੀਤਾ, ਉਸ ਨਾਲ ਭਾਰ ਵਧਦਾ ਰਿਹਾ।
ਫੋਗਾਟ ਦਾ ਦੁਖਾਂਤ ਇਹ ਵੀ ਹੈ ਕਿ ਉਹ 53 ਕਿੱਲੋ ਵਿਚ ਲੜਦੀ ਰਹੀ ਹੈ, ਪਰ 53 ਕਿੱਲੋ ਵਿਚ ਕਿਸੇ ਹੋਰ ਕੁੜੀ ਦੇ ਆ ਜਾਣ ਕਾਰਨ ਉਸ ਨੂੰ 50 ਕਿੱਲੋ ਵਿਚ ਲੜਨਾ ਪਿਆ। ਫੋਗਾਟ ਦਾ ਭਾਰ ਉਜ 55-56 ਕਿੱਲੋ ਰਹਿੰਦਾ ਹੈ। ਐੱਨ ਆਈ ਐੱਸ ਪਟਿਆਲਾ ਵਿਚ ਟਰੇਨਿੰਗ ਦੌਰਾਨ ਉਸ ਨੇ ਬਹੁਤ ਜ਼ੋਰ ਲਾ ਕੇ ਭਾਰ 50 ਕਿੱਲੋ ’ਤੇ ਲਿਆਂਦਾ ਸੀ। 55-56 ਕਿੱਲੋ ਤੋਂ ਭਾਰ 50 ਕਿੱਲੋ ’ਤੇ ਲਿਆ ਕੇ ਉਸ ਨੂੰ ਮੇਨਟੇਨ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ।
ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿਚ ਬਿਆਨ ਦਿੰਦਿਆਂ ਕਿਹਾ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਫੋਗਾਟ ਨੂੰ ਲੈ ਕੇ ਯੂਨਾਈਟਿਡ ਵਰਲਡ ਰੈਸਲਿੰਗ ਕੋਲ ਤਿੱਖਾ ਵਿਰੋਧ ਦਰਜ ਕਰਵਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਮੁਖੀ ਪੀ ਟੀ ਊਸਾ ਨੂੰ ਇਸ ਮਾਮਲੇ ’ਚ ਉਚਿਤ ਕਾਰਵਾਈ ਕਰਨ ਲਈ ਕਿਹਾ ਹੈ। ਮਾਂਡਵੀਆ ਨੇ ਕਿਹਾ ਕਿ ਸਰਕਾਰ ਨੇ ਫੋਗਾਟ ਨੂੰ ਉਸ ਦੀ ਜ਼ਰੂਰਤ ਦੇ ਅਨੁਸਾਰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ’ਚ ਨਿੱਜੀ ਸਟਾਫ ਵੀ ਸ਼ਾਮਲ ਸੀ। ਆਪੋਜ਼ੀਸ਼ਨ ਮੈਂਬਰਾਂ ਨੇ ਮੰਤਰੀ ਤੋਂ ਸਪੱਸ਼ਟੀਕਰਨ ਮੰਗਣੇ ਚਾਹੇ ਤਾਂ ਉਨ੍ਹਾ ਨਹੀਂ ਦਿੱਤੇ। ਇਸ ਤੋਂ ਨਾਰਾਜ਼ ਹੁੰਦਿਆਂ ਉਹ ਵਾਕਆਊਟ ਕਰ ਗਏ। ਕਾਂਗਰਸ ਦੀ ਕੁਮਾਰੀ ਸ਼ੈਲਜਾ ਨੇ ਸਵਾਲ ਉਠਾਇਆ ਕਿ ਖਿਡਾਰੀਆਂ ਨਾਲ ਏਨਾ ਸਟਾਫ ਹੁੰਦਾ ਹੈ, ਉਹ ਖੁਰਾਕ ਦਾ ਪੂਰਾ ਖਿਆਲ ਰੱਖਦਾ ਹੈ। ਦੱਸਿਆ ਜਾਵੇ ਕਿ ਕਿਸ ਨੇ ਫੋਗਾਟ ਦਾ ਖਿਆਲ ਨਹੀਂ ਰੱਖਿਆ। ਕਾਂਗਰਸ ਦੇ ਇਕ ਹੋਰ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਫੋਗਾਟ ਨੇ ਮਹਿਲਾ ਭਲਵਾਨਾਂ ਦੇ ਸ਼ੋਸ਼ਣ ਖਿਲਾਫ 2023 ਵਿਚ 140 ਦਿਨ ਅੰਦੋਲਨ ਕੀਤਾ ਸੀ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵੇਲੇ ਧਰਨਾ ਦੇਣ ਵਾਲੀ ਫੋਗਾਟ ਨੂੰ ਭਾਜਪਾ ਸਰਕਾਰ ਦੇ ਕਹਿਣ ’ਤੇ ਦਿੱਲੀ ਪੁਲਸ ਧੂਹ ਕੇ ਲੈ ਗਈ ਸੀ।
ਭਾਰਤੀ ਕੁਸ਼ਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਕਥਿਤ ਤੌਰ ’ਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਖਿਲਾਫ ਅੰਦੋਲਨ ਵਿਚ ਫੋਗਾਟ ਪੇਸ਼-ਪੇਸ਼ ਰਹੀ ਸੀ। ਇਸ ਪਿਛੋਕੜ ਵਿਚ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਸਰਕਾਰ ਉਸ ਤੋਂ ਖੁਸ਼ ਨਹੀਂ ਸੀ ਤੇ ਉਹ ਆਖਰ ਪੈਰਿਸ ਵਿਚ ਸਾਜ਼ਿਸ਼ ਦਾ ਸ਼ਿਕਾਰ ਹੋ ਗਈ।