ਚੰਡੀਗੜ੍ਹ : ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਪੰਜਾਬ ਨੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਨਾਲ ਸਿੰਥੈਟਿਕ ਡਰੱਗ ਦੇ ਕਾਰੋਬਾਰ ’ਚ ਕਥਿਤ ਤੌਰ ’ਤੇ ਸ਼ਾਮਲ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖਿਲਾਫ ਐਨ ਡੀ ਪੀ ਸੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁਝ ਹੋਰ ਡਰੱਗ ਇੰਸਪੈਕਟਰ ਵੀ ਜਾਂਚ ਅਧੀਨ ਹਨ।
ਐੱਸ ਟੀ ਐੱਫ ਮੁਤਾਬਕ ਮਿੱਤਲ ਦੇ ਜੇਲ੍ਹ ’ਚ ਬੰਦ ਤਸਕਰਾਂ ਨਾਲ ਸੰਬੰਧ ਹਨ। ਜੇਲ੍ਹਬੰਦ ਤਸਕਰ ਉਸ ਨਾਲ ਮਿਲ ਕੇ ਕਾਰੋਬਾਰ ਕਰ ਰਹੇ ਸਨ। ਐੱਸ ਟੀ ਐੱਫ ਦੇ ਮੁਖੀ ਨੀਲਾਭ ਕਿਸ਼ੋਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਕਈ ਗਿ੍ਰਫਤਾਰੀਆਂ ਹੋਣਗੀਆਂ। ਇਹ ਇੱਕ ਵੱਡਾ ਡਰੱਗ ਰੈਕੇਟ ਹੈ। ਐੱਸ ਟੀ ਐੱਫ ਟੀਮਾਂ ਨੇ ਮਿੱਤਲ ਦੇ 24 ਬੈਂਕ ਖਾਤੇ ਸੀਲ ਕਰ ਦਿੱਤੇ ਹਨ। ਦੱਸਿਆ ਜਾਂਦਾ ਹੈ ਕਿ ਮਿੱਤਲ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਖਾਤੇ ਖੋਲ੍ਹੇ ਹੋਏ ਸਨ, ਜਿਨ੍ਹਾਂ ਨੂੰ ਉਹ ਆਪ ਚਲਾਉਂਦਾ ਸੀ। ਖਾਤਿਆਂ ’ਚ 6.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾਈ ਗਈ ਹੈ। ਮੁਲਜ਼ਮ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਦੱਸੀ ਜਾਂਦੀ ਹੈ। ਜਾਇਦਾਦਾਂ ਦਾ ਵੇਰਵਾ ਤਿਆਰ ਕੀਤਾ ਜਾ ਰਿਹਾ ਹੈ। ਬਾਅਦ ’ਚ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਅੱੈਸ ਟੀ ਐੱਫ ਨੂੰ ਕਰੀਬ 9 ਲੱਖ ਰੁਪਏ ਦੀ ਵਿਦੇਸ਼ੀ ਮੁਦਰਾ ਮਿਲੀ ਹੈ। ਜ਼ੀਰਕਪੁਰ ’ਚ ਵੀ ਡੇਢ ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ ਹੈ।
ਐੱਸ ਟੀ ਐੱਫ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ 8 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ੀਰਕਪੁਰ, ਫਤਿਹਗੜ੍ਹ ਸਾਹਿਬ ਤੇ ਪੰਚਕੂਲਾ ’ਚ ਛਾਪੇਮਾਰੀ ਕੀਤੀ ਜਾ ਰਹੀ ਸੀ।




