ਚੋਣਾਂ ਵਿੱਚ ਹੋਈ ਮੋਦੀ ਦੀ ਹਾਰ ਦੇ ਬਾਵਜੂਦ ਗੋਦੀ ਮੀਡੀਆ ਸਬਕ ਸਿੱਖਣ ਲਈ ਤਿਆਰ ਨਹੀਂ। ਉਲੰਪਿਕ ਖੇਡਾਂ ਵਿੱਚ ਭਾਰਤ ਦੀ ਧੀ ਵਿਨੇਸ਼ ਫੋਗਾਟ ਦੇ ਫਾਈਨਲ ਤੱਕ ਪੁੱਜ ਜਾਣ ਤੋਂ ਬਾਅਦ ਜਿਸ ਤਰ੍ਹਾਂ ਤਕਨੀਕੀ ਖਾਮੀ ਕਾਰਨ ਉਸ ਨੂੰ ਡਿਸਕੁਆਲੀਫਾਈ ਕੀਤਾ ਗਿਆ, ਉਸ ਤੋਂ ਸਾਰਾ ਦੇਸ਼ ਸਦਮੇ ਵਿੱਚ ਹੈ। ਇਹ ਫੋਗਾਟ ਦੀ ਨਿੱਜੀ ਨਾਕਾਮੀ ਨਹੀਂ, ਉਸ ਨਾਲ ਗਏ ਸਮੁੱਚੇ ਸਟਾਫ਼ ਦੀ ਨਾਕਾਮੀ ਹੈ, ਜਿਸ ਲਈ ਸਰਕਾਰ ਤੋਂ ਸਵਾਲ ਪੁੱਛਣਾ ਜਨਤਾ ਦਾ ਹੱਕ ਹੈ। ਮੋਦੀ, ਜਿਹੜੇ ਕਿਸੇ ਖਿਡਾਰੀ ਦੇ ਝਰੀਟ ਆਉਣ ਤੋਂ ਲੈ ਕੇ ਛੱਕਾ ਮਾਰ ਦੇਣ ਉਤੇ ਵੀ ਉਸ ਨੂੰ ਫੋਨ ਕਰਨ ਤੋਂ ਨਹੀਂ ਖੁੰਝਦੇ, ਦੇ ਫੋਗਾਟ ਦੀ ਫਾਈਨਲ ਤੱਕ ਪੁੱਜਣ ਦੀ ਕਾਮਯਾਬੀ ਉੱਤੇ ਚੁੱਪ ਰਹਿਣ ਨੇ ਵੀ ਇਸ ਮਾਮਲੇ ਵਿੱਚ ਕੋਈ ਸਾਜ਼ਿਸ਼ ਹੋਣ ਨੂੰ ਬਲ ਬਖਸ਼ਿਆ ਹੈ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਸਾਰਾ ਦੇਸ਼ ਫੋਗਾਟ ਨਾਲ ਖੜ੍ਹਾ ਹੋਇਆ ਹੈ ਤੇ ਇੱਥੋਂ ਤੱਕ ਕਿ ਮੋਦੀ ਨੂੰ ਵੀ ਕਹਿਣਾ ਪਿਆ, ‘‘ਫੋਗਾਟ ਤੂੰ ਚੈਂਪੀਅਨਾਂ ਦੀ ਚੈਂਪੀਅਨ ਹੈਂ।’’ ਇਸ ਦੇ ਉਲਟ ਗੋਦੀ ਮੀਡੀਆ ਨੇ ਮੋਦੀ ਸਰਕਾਰ ਦੀ ਨਾਕਾਮੀ ਨੂੰ ਲੁਕੋਣ ਲਈ ਫੋਗਾਟ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ। ਅੰਬਾਨੀ ਦੇ ਚੈਨਲ ਦੀ ਐਂਕਰ ਨੇ ਜਿਸ ਤਰ੍ਹਾਂ ਵਿਨੇਸ਼ ਫੋਗਾਟ ’ਤੇ ਹਮਲੇ ਕੀਤੇ, ਉਹ ਬੇਸ਼ਰਮੀ ਦੀ ਇੰਤਹਾ ਸੀ। ਇਸ ਨੇ ਲੋਕਾਂ ਵਿੱਚ ਚੈਨਲ ਤੇ ਅੰਬਾਨੀ ਪਰਵਾਰ ਦੇ ਵਿਰੁੱਧ ਗੁੱਸੇ ਦਾ ਅਜਿਹਾ ਜਲਜਲਾ ਲਿਆ ਦਿੱਤਾ ਕਿ ਆਖਰ ਐਂਕਰ ਤੇ ਚੈਨਲ ਦੋਹਾਂ ਨੂੰ ਮਾਫ਼ੀ ਮੰਗਣੀ ਪਈ।
ਇਸ ਮੁੱਦੇ ਨੂੰ ਇੱਥੇ ਮੁਕਾਉਂਦਿਆਂ ਅਸੀਂ ਬੰਗਲਾਦੇਸ਼ ਦੀਆਂ ਘਟਨਾਵਾਂ ਬਾਰੇ ਗੋਦੀ ਮੀਡੀਆ ਦੀ ਪਹੁੰਚ ਦੀ ਗੱਲ ਕਰਨਾ ਚਾਹੁੰਦੇ ਹਾਂ। ਇਸ ਵੇਲੇ ਸਾਰਾ ਮੀਡੀਆ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਇੰਜ ਕਰਕੇ ਉਹ ਭਾਰਤ ਵਿੱਚ ਮੁਸਲਮਾਨਾਂ ਵਿਰੁੱਧ ਸੱਤਾਧਾਰੀ ਪੱਖ ਦੀ ਨਫ਼ਰਤੀ ਮੁਹਿੰਮ ਨੂੰ ਤੇਜ਼ ਕਰਕੇ ਆਪਣੀ ਨਮਕ ਹਲਾਲੀ ਨੂੰ ਸਾਬਤ ਕਰ ਰਿਹਾ ਹੈ। ਬੰਗਲਾਦੇਸ਼ ਵਿੱਚ ਹੋ ਰਹੇ ਫਸਾਦ ਧਰਮ ਅਧਾਰਤ ਨਹੀਂ, ਸਿਆਸੀ ਨੌਈਅਤ ਦੇ ਹਨ। ਸ਼ੇਖ ਹਸੀਨਾ ਨੇ ਆਪਣੀ ਤਾਨਾਸ਼ਾਹੀ ਅਧੀਨ ਸਿਆਸੀ ਵਿਰੋਧੀਆਂ ਨੂੰ ਬੇਰਹਿਮੀ ਨਾਲ ਕੁਚਲਿਆ। ਇਸ ਲਈ ਉਸ ਨੇ ਸਰਕਾਰੀ ਮਸ਼ੀਨਰੀ ਨੂੰ ਹੀ ਨਹੀਂ ਵਰਤਿਆ, ਸਗੋਂ ਆਵਾਮੀ ਲੀਗ ਦੇ ਮੈਂਬਰਾਂ ਹੱਥ ਵੀ ਬੰਦੂਕਾਂ ਫੜਾ ਦਿੱਤੀਆਂ ਸਨ। ਸ਼ੇਖ ਹਸੀਨਾ ਤਾਂ ਭੱਜ ਆਈ, ਹੁਣ ਉਸ ਦੇ ਗੁਨਾਹਾਂ ਦੀ ਸਜ਼ਾ ਆਵਾਮੀ ਲੀਗ ਦੇ ਆਮ ਕਾਰਕੁੰਨ ਭੁਗਤ ਰਹੇ ਹਨ। ਬੰਗਲਾਦੇਸ਼ ਦੇ ਹਿੰਦੂ ਸ਼ੁਰੂ ਤੋਂ ਹੀ ਆਵਾਮੀ ਲੀਗ ਦੇ ਸਮਰਥਕ ਰਹੇ ਹਨ, ਇਸ ਲਈ ਕੁਝ ਸੇਕ ਉਹ ਵੀ ਸਹਾਰ ਰਹੇ ਹਨ।
ਆਮ ਹਿੰਦੂ ਕੀ ਸੋਚਦਾ ਹੈ, ਉਸ ਦਾ ਪਤਾ ਬੰਗਲਾਦੇਸ਼ ਦੇ ‘ਹਿੰਦੂ ਮਹਾਜੋਟ’ ਦੇ ਜਨਰਲ ਸਕੱਤਰ ਐਡਵੋਕੇਟ ਗੋਬਿੰਦ ਚੰਦਰ ਪ੍ਰਮਾਣਿਕ ਦੇ ਬਿਆਨ ਤੋਂ ਲੱਗ ਜਾਂਦਾ ਹੈ। ਉਸ ਨੇ 6 ਅਗਸਤ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ, ‘ਬੰਗਲਾਦੇਸ਼ ਵਿੱਚ ਹਿੰਦੂ ਸੁਰੱਖਿਅਤ ਹਨ। ਜੇਕਰ ਭਾਰਤੀਆਂ ਨੂੰ ਸ਼ੇਖ ਹਸੀਨਾ ਨਾਲ ਏਨਾ ਹੀ ਪਿਆਰ ਹੈ ਤਾਂ ਉਨ੍ਹਾਂ ਨੂੰ ਮੋਦੀ ਦੀ ਥਾਂ ਹਸੀਨਾ ਨੂੰ ਪ੍ਰਧਾਨ ਮੰਤਰੀ ਬਣਾ ਲੈਣਾ ਚਾਹੀਦਾ ਹੈ। ਰਿਪਬਲਿਕ ਟੀ ਵੀ ਬੰਗਲਾਦੇਸ਼ ਦੀਆਂ ਰਾਜਨੀਤਕ ਘਟਨਾਵਾਂ ਨੂੰ ਭਾਰਤ ਵਿੱਚ ਫਿਰਕੂ ਨਫ਼ਰਤ ਫੈਲਾਉਣ ਲਈ ਵਰਤ ਰਿਹਾ ਹੈ।’ ਇਹ ਬਿਆਨ ਹੀ ਨਹੀਂ ਕੌਮਾਂਤਰੀ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਤੇ ਫੋਟੋਆਂ ਦੀ ਰਿਪੋਰਟਿੰਗ ਲਗਾਤਾਰ ਹੋ ਰਹੀ ਹੈ, ਜਿਸ ਵਿੱਚ ਮੁਸਲਮਾਨ ਨੌਜਵਾਨਾਂ ਨੂੰ ਮੰਦਰਾਂ ਦੀ ਸੁਰੱਖਿਆ ਲਈ ਪਹਿਰਾ ਦਿੰਦੇ ਦਿਖਾਇਆ ਜਾ ਰਿਹਾ ਹੈ।
ਅਸੀਂ ਇਸ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਜਮਾਤੇ ਇਸਲਾਮੀ ਵਰਗੇ ਕੱਟੜ ਮੁਸਲਿਮ ਸੰਗਠਨ ਸਾਡੇ ਹਾਕਮਾਂ ਵਾਂਗ ਹੀ ਮੁਸੀਬਤ ਨੂੰ ਮੌਕਾ ਸਮਝ ਕੇ ਫਿਰਕਾਪ੍ਰਸਤੀ ਫੈਲਾਉਣ ਲਈ ਹਿੰਦੂਆਂ ਦੇ ਘਰਾਂ ਤੇ ਦੁਕਾਨਾਂ ਉੱਤੇ ਹਮਲੇ ਕਰਦੇ ਹੋਣਗੇ, ਪਰ ਦੂਜਾ ਸੱਚ ਇਹ ਵੀ ਹੈ ਕਿ ਉੱਥੇ ਹਿੰਦੂ ਮੁਹੱਲਿਆਂ ਦੀ ਰਾਖੀ ਨੌਜਵਾਨ ਤੇ ਬਜ਼ੁਰਗ ਮੁਸਲਮਾਨ ਕਰ ਰਹੇ ਹਨ। ਅਜਿਹੀਆਂ ਅਨੇਕਾਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖੀਆਂ ਜਾ ਸਕਦੀਆਂ ਹਨ, ਪਰ ਫਿਰਕੂ ਜ਼ਹਿਰ ਫੈਲਾਉਣ ਦੇ ਚੈਂਪੀਅਨ ਅਰਨਬ ਗੋਸਵਾਮੀ ਦੇ ਰਿਪਬਲਿਕ ਟੀ ਵੀ ਤੇ ਉਸ ਵਰਗੇ ਹੋਰਨਾਂ ਲਈ ਤਾਂ ਸਿਰਫ਼ ਉਹੀ ਤਸਵੀਰਾਂ ਉਥੋਂ ਦੀ ਹਕੀਕਤ ਹਨ, ਜਿਹੜੀਆਂ ਘੱਟ-ਗਿਣਤੀਆਂ ਦਾ ਉਤਪੀੜਤ ਦਰਸਾਉਂਦੀਆਂ ਹੋਣ। ਇਨ੍ਹਾਂ ਚੈਨਲਾਂ ਨੂੰ ਇਸ ਸਚਾਈ ਨਾਲ ਵੀ ਕੋਈ ਵਾਸਤਾ ਨਹੀਂ ਕਿ ਲੋਕਤੰਤਰ ਦੇ ਇਸ ਸੰਘਰਸ਼ ਦੌਰਾਨ ਜਿਹੜੇ 400 ਵਿਅਕਤੀ ਮਾਰੇ ਗਏ ਸਨ, ਉਹ ਲੱਗਭੱਗ ਸਾਰੇ ਹੀ ਮੁਸਲਮਾਨ ਸਨ। ਗੋਦੀ ਮੀਡੀਆ ਦੀ ਬੰਗਲਾਦੇਸ਼ੀ ਹਿੰਦੂਆਂ ਨਾਲ ਇਹ ਹਮਦਰਦੀ ਮੋਦੀ ਸਰਕਾਰ ਦੀ ਉਸੇ ਨੀਤੀ ਦਾ ਵਿਸਥਾਰ ਹੈ, ਜਿਸ ਅਧੀਨ ਭਾਜਪਾ ਆਗੂ ਬੰਗਲਾਦੇਸ਼ੀ ਘੁਸਪੈਠੀਆਂ ਦਾ ਰਾਗ ਅਲਾਪ ਕੇ ਫਿਰਕੂ ਧਰੁਵੀਕਰਨ ਕਰਦੇ ਰਹੇ ਹਨ।
ਇਹ ਇੱਕ ਸਚਾਈ ਹੈ ਕਿ ਦੁਨੀਆ ਭਰ ਦੇ ਮੁਸਲਿਮ ਦੇਸ਼ਾਂ ਵਿੱਚੋਂ ਇੱਕੋ-ਇੱਕ ਬੰਗਲਾਦੇਸ਼ ਹੈ, ਜਿਹੜਾ ਧਰਮ-ਨਿਰਪੱਖਤਾ ਨੂੰ ਅਪਣਾਇਆ ਹੋਇਆ ਹੈ। ਬੰਗਲਾਦੇਸ਼ ਦੇ ਨਿਰਮਾਤਾ ਸ਼ੇਖ ਮੁਜੀਬੁਰ ਰਹਿਮਾਨ ਨੇ ਕਿਹਾ ਸੀ ਕਿ ਨਾਗਰਿਕਾਂ ਲਈ ਧਰਮ ਨਾਲੋਂ ਜ਼ਰੂਰੀ ਮਾਂ ਬੋਲੀ ਹੈ। ਜਦੋਂ ਪਾਕਿਸਤਾਨੀ ਹਾਕਮਾਂ ਨੇ ਉਥੇ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਸੀ ਤਾਂ ਬੰਗਲਾਦੇਸ਼ੀਆਂ ਨੇ ਨਾਮਨਜ਼ੂਰ ਕਰਕੇ ਕਿਹਾ ਸੀ ਕਿ ਸਾਡੀ ਮਾਤ ਭਾਸ਼ਾ ਬੰਗਲਾ ਹੈ। ਇੱਥੋਂ ਹੀ ਸ਼ੁਰੂ ਹੋਈ ਸੀ ਬੰਗਲਾਦੇਸ਼ ਦੇ ਪਾਕਿਸਤਾਨ ਨਾਲੋਂ ਵੱਖ ਹੋਣ ਦੀ ਕਹਾਣੀ । ਮੋਦੀ ਸਰਕਾਰ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਜ਼ੁਲਮਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ, ਪਰ ਉਸ ਕੋਲ ਇਸ ਦਾ ਜਵਾਬ ਕੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਉਤੇ ਹੋ ਰਹੇ ਹਮਲਿਆਂ ਨੂੰ ਉਸ ਨੇ ਹਮੇਸ਼ ਨਜ਼ਰ-ਅੰਦਾਜ਼ ਕੀਤਾ ਹੈ। ਇਸ ਸੰਬੰਧੀ ਜਦੋਂ ਵੀ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਅਵਾਜ਼ ਉਠਾਈ ਤਾਂ ਉਨ੍ਹਾਂ ਨੂੰ ਦੇਸ਼ ਦਾ ਅੰਦਰੂਨੀ ਮਾਮਲਾ ਕਹਿ ਕੇ ਚੁੱਪ ਕਰਾ ਦਿੱਤਾ। ਬੰਗਲਾਦੇਸ਼ੀ ਹਿੰਦੂਆਂ ਬਾਰੇ ਭਾਰਤੀ ਹਾਕਮਾਂ ਦੀ ਚਿੰਤਾ ਮਗਰਮੱਛ ਦੇ ਹੰਝੂਆਂ ਤੋਂ ਵੱਧ ਕੁਝ ਨਹੀਂ। ਇਸੇ ਲਈ ਮੋਦੀ ਦੇ ਚਹੇਤੇ ਗੋਦੀ ਚੈਨਲ ਉਥੇ ਫਿਰਕੂ ਅੱਗ ਨੂੰ ਹਵਾ ਦੇ ਰਹੇ ਹਨ। ਇਨ੍ਹਾਂ ਨਫ਼ਰਤ ਦੇ ਸੌਦਾਗਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਨਫ਼ਰਤ ਦੀ ਭੜਕਾਈ ਹੋਈ ਇਹ ਅੱਗ ਇਕ ਦਿਨ ਉਨ੍ਹਾਂ ਦੇ ਘਰਾਂ ਨੂੰ ਵੀ ਸਾੜ ਸਕਦੀ ਹੈ।
-ਚੰਦ ਫਤਿਹਪੁਰੀ