ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਰਾਜ ਸਭਾ ‘ਚ ਸ਼ੁੱਕਰਵਾਰ ਤਿੱਖੀ ਤਕਰਾਰ ਹੋਈ | ਵਿਵਾਦ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ | ਜਯਾ ਨੂੰ ‘ਜਯਾ ਅਮਿਤਾਭ ਬੱਚਨ’ ਕਹੇ ਜਾਣ ‘ਤੇ ਇਤਰਾਜ਼ ਸੀ | ਜਯਾ ਬਚਨ ਨੇ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਖਿਲਾਫ ਭਾਜਪਾ ਦੇ ਸੰਸਦ ਮੈਂਬਰ ਘਣਸ਼ਿਆਮ ਤਿਵਾਰੀ ਦੀ ਟਿੱਪਣੀ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ ਨੂੰ ਮੁਆਫੀ ਮੰਗਣ ਲਈ ਕਿਹਾ | ਚੇਅਰਮੈਨ ਨੇ ਜਯਾ ਬੱਚਨ ਨੂੰ ਜਯਾ ਅਮਿਤਾਭ ਬੱਚਨ ਕਹਿ ਕੇ ਸੰਬੋਧਨ ਕੀਤਾ ਸੀ | ਇਸ ‘ਤੇ ਜਯਾ ਨੇ ਕਿਹਾ—ਮੈਂ ਕਲਾਕਾਰ ਹਾਂ, ਜਿਸਮਾਨੀ ਭਾਸ਼ਾ ਸਮਝਦੀ ਹਾਂ, ਐਕਸਪ੍ਰੈਸ਼ਨ ਸਮਝਦੀ ਹਾਂ | ਮੁਆਫ ਕਰਨਾ, ਤੁਹਾਡੇ ਬੋਲਣ ਦੀ ਸੁਰ ਮਨਜ਼ੂਰ ਨਹੀਂ | ਜਯਾ ਦੇ ਇਹ ਕਹਿਣ ‘ਤੇ ਧਨਖੜ ਨਾਰਾਜ਼ ਹੋ ਗਏ ਤੇ ਕਿਹਾ—ਤੁਸੀਂ ਬੈਠ ਜਾਓ | ਤੁਸੀਂ ਜਾਣਦੇ ਹੋ ਕਿ ਇਕ ਐਕਟਰ ਨੂੰ ਡਾਇਰੈਕਟਰ ਕੰਟਰੋਲ ਕਰਦਾ ਹੈ | ਮੈਂ ਹਰ ਦਿਨ ਆਪਣੀ ਗੱਲ ਦੁਹਰਾਉਣਾ ਨਹੀਂ ਚਾਹੁੰਦਾ | ਹਰ ਦਿਨ ਮੈਂ ਸਕੂਲੀ ਸਿੱਖਿਆ ਨਹੀਂ ਦੇਣਾ ਚਾਹੁੰਦਾ | ਤੁਸੀਂ ਮੇਰੀ ਸੁਰ ‘ਤੇ ਸਵਾਲ ਉਠਾ ਰਹੇ ਹੋ | ਇਹ ਬਰਦਾਸ਼ਤ ਨਹੀਂ ਕਰਾਂਗਾ |
ਤੁਸੀਂ ਸੈਲੀਬਿ੍ਟੀ ਹੋ ਜਾਂ ਕੁਝ ਹੋਰ, ਤੁਹਾਨੂੰ ਡੈਕੋਰਮ ਬਣਾ ਕੇ ਰੱਖਣਾ ਹੋਵੇਗਾ | ਤੁਸੀਂ ਸੀਨੀਅਰ ਮੈਂਬਰ ਹੁੰਦੇ ਹੋਏ ਚੇਅਰ ਨੂੰ ਨੀਵਾਂ ਦਿਖਾ ਰਹੇ ਹੋ | ਸਦਨ ਦੇ ਆਗੂ ਜੇ ਪੀ ਨੱਢਾ ਨੇ ਇਸ ਸਾਰੀ ਘਟਨਾ ‘ਤੇ ਅਪੋਜ਼ੀਸ਼ਨ ਖਿਲਾਫ ਨਿੰਦਾ ਮਤਾ ਪੇਸ਼ ਕੀਤਾ | ਵਾਕਆਊਟ ਤੋਂ ਬਾਅਦ ਜਯਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾ ਨੂੰ ਜਯਾ ਅਮਿਤਾਭ ਬੱਚਨ ਨਾ ਕਿਹਾ ਜਾਵੇ | ਮਹਿਲਾਵਾਂ ਦੀ ਆਪਣੀ ਪਛਾਣ ਹੁੰਦੀ ਹੈ | ਫਿਰ ਵੀ ਉਨ੍ਹਾ ਨੂੰ ਜਯਾ ਅਮਿਤਾਭ ਬੱਚਨ ਕਹਿ ਕੇ ਬੁਲਾਇਆ ਗਿਆ |