ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ਨੇ ਚੋਣ ਸਰਵੇ ਵਿਚ ਆਪਣੇ ਰਿਪਬਲੀਕਨ ਮੁਕਾਬਲੇਬਾਜ਼ ਡੋਨਾਲਡ ਟਰੰਪ ‘ਤੇ ਬੜ੍ਹਤ ਬਣਾ ਲਈ ਹੈ | ਇਪਸੋਸ ਦੇ ਸਰਵੇ ਵਿਚ ਕਮਲਾ ਨੂੰ ਜਿੱਥੇ 42 ਫੀਸਦ ਲੋਕ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਹਨ, ਉਥੇ ਟਰੰਪ 37 ਫੀਸਦ ਲੋਕਾਂ ਦੀ ਪਸੰਦ ਰਹੇ | ਕਮਲਾ ਦਾ ਸਮਰਥਨ ਲਗਾਤਾਰ ਵੱਧਦਾ ਜਾ ਰਿਹਾ ਹੈ | ਇਸੇ ਦੌਰਾਨ ਟਰੰਪ ਤੇ ਕਮਲਾ ਏੇ ਬੀ ਸੀ ‘ਤੇ 10 ਸਤੰਬਰ ਨੂੰ ਪ੍ਰੈਜ਼ੀਡੈਂਸ਼ੀਅਲ ਬਹਿਸ ਵਿਚ ਹਿੱਸਾ ਲੈਣ ‘ਤੇ ਸਹਿਮਤ ਹੋ ਗਏ ਹਨ | ਟਰੰਪ ਇਸ ਤੋਂ ਇਲਾਵਾ ਐੱਨ ਬੀ ਸੀ ‘ਤੇ ਚਾਰ ਤੇ 25 ਸਤੰਬਰ ਨੂੰ ਵੀ ਬਹਿਸ ਚਾਹੁੰਦੇ ਹਨ |
ਇਸ ਤੋਂ ਪਹਿਲਾਂ 22-23 ਜੁਲਾਈ ਨੂੰ ਰਾਇਟਰ/ਇਪਸੋਸ ਦੇ ਸਰਵੇ ਵਿਚ ਹੈਰਿਸ ਨੂੰ 37 ਫੀਸਦ ਲੋਕਾਂ ਨੇ ਪਸੰਦ ਕੀਤਾ ਸੀ ਜਦਕਿ ਟਰੰਪ ਨੂੰ 34 ਫੀਸਦ ਲੋਕਾਂ ਦਾ ਸਮਰਥਨ ਮਿਲਿਆ | ਕੌਮੀ ਪੱਧਰ ‘ਤੇ ਦੋ ਤੋਂ ਸੱਤ ਅਗਸਤ ਵਿਚਾਲੇ ਹੋਏ ਤਾਜ਼ਾ ਸਰਵੇ ਵਿਚ 2045 ਵੋਟਰਾਂ ਨੇ ਹਿੱਸਾ ਲਿਆ | ਸਰਵੇ ਮੁਤਾਬਕ ਚਾਰ ਫੀਸਦ ਲੋਕਾਂ ਨੇ ਆਜ਼ਾਦ ਉਮੀਦਵਾਰ ਰਾਬਰਟ ਕੈਨੇਡੀ ਜੂਨੀਅਰ ਦਾ ਵੀ ਸਮਰਥਨ ਕੀਤਾ, ਜੁਲਾਈ ਤੱਕ ਉਨ੍ਹਾ ਨੂੰ 10 ਫੀਸਦ ਜਨਤਾ ਦੀ ਹਮਾਇਤ ਹਾਸਲ ਸੀ |