ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤਿਵਾੜੀ ਨੂੰ ਟੈ੍ਰਫਿਕ ਰੂਲਜ਼ ਤੋੜਨਾ ਮਹਿੰਗਾ ਪਿਆ | ਬਿਨਾਂ ਹੈਲਮਟ ਮੋਟਰਸਾਈਕਲ ਸਮੇਤ ਕੁਝ ਹੋਰ ਨਿਯਮਾਂ ਨੂੰ ਦਰਕਿਨਾਰ ਕਰਨ ਕਾਰਨ ਦਿੱਲੀ ਪੁਲਸ ਨੇ 41 ਹਜ਼ਾਰ ਰੁਪਏ ਦਾ ਚਲਾਨ ਕੱਟਿਆ | ਮਨੋਜ ਤਿਵਾੜੀ ਨੂੰ 21 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ, ਉਥੇ ਹੀ ਵਾਹਨ ਮਾਲਕ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ | ਅਸਲ ‘ਚ ਬੁੱਧਵਾਰ ਨੂੰ ਦਿੱਲੀ ‘ਚ ਭਾਜਪਾ ਦੇ ਸਾਂਸਦ ਨੇ ਤਿਰੰਗਾ ਰੈਲੀ ਕੱਢੀ ਸੀ | ਇਸ ਦੌਰਾਨ ਮਨੋਜ ਤਿਵਾੜੀ ਇੱਕ ਲਾਲ ਰੰਗ ਦੇ ਬੁਲੇਟ ‘ਤੇ ਸਵਾਰ ਹੋ ਕੇ ਨਿਕਲੇ | ਸਿਰ ‘ਤੇ ਗਮਸ਼ਾ ਲਪੇਟੀ ਤਿਵਾੜੀ ਦੇ ਕੋਲ ਹੈਲਮਟ ਨਹੀਂ ਸੀ | ਉਸ ਦੀ ਤਸਵੀਰ ਜਦੋਂ ਟੀ ਵੀ ਚੈਨਲਾਂ ‘ਤੇ ਦਿਖੀ, ਵੱਡੀ ਗਿਣਤੀ ‘ਚ ਲੋਕਾਂ ਟੈ੍ਰਫਿਕ ਪੁਲਸ ਨੂੰ ਸ਼ਿਕਾਇਤ ਸ਼ੁਰੂ ਕਰ ਦਿੱਤੀ | ਤਸਵੀਰਾਂ ਟਵੀਟ ਕਰਦੇ ਹੋਏ ਲੋਕਾਂ ਨੇ ਟ੍ਰੈਫਿਕ ਪੁਲਸ ਨੂੰ ਤਿੱਖੇ ਸਵਾਲ ਕੀਤੇ | ਲੋਕਾਂ ਨੇ ਪੁੱਛਿਆ ਕਿ ਸਾਂਸਦ ਲਈ ਕਾਨੂੰਨ ਵੱਖਰਾ ਹੈ? ਆਮ ਜਨਤਾ ਦਾ ਤੁਰੰਤ ਚਲਾਨ ਕੱਟਣ ਵਾਲੀ ਪੁਲਸ ਉਨ੍ਹਾ ‘ਤੇ ਕਦੋਂ ਐਕਸ਼ਨ ਲਵੇਗੀ? ਦਿੱਲੀ ਪੁਲਸ ਵੱਲੋਂ ਕਿਹਾ ਗਿਆ ਕਿ ਸਾਂਸਦ ਮਨੋਜ ਤਿਵਾੜੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕੇਸ ‘ਚ ਕੁੱਲ 41 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ ਹੈ | ਦਿੱਲੀ ਪੁਲਸ ਦੇ ਕਿਹਾ ਕਿ ਚਾਲਕ (ਮਨੋਜ ਤਿਵਾੜੀ) ‘ਤੇ ਹੈਲਮਟ ਨਾ ਪਾਉਣ, ਲਾਇਸੰਸ ਨਾ ਰੱਖਣ, ਪਲੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਅਤੇ ਬਿਨਾਂ ਹਾਈ ਸਕਿਉਰਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਵਾਲੇ ਮੋਟਰਸਾਈਕਲ ਚਲਾਉਣ ਕਾਰਨ 21 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ | ਉਥੇ ਹੀ ਬੁਲੇਟ ਦੇ ਮਾਲਕ ‘ਤੇ ਵੀ ਪੀ ਯੂ ਸੀ ਸਰਟੀਫਿਕੇਟ, ਐੱਚ ਐੱਸ ਆਰ ਪੀ ਨਾਲ ਜੁੜੇ ਨਿਯਮਾਂ ਦੀ ਅਣਦੇਖੀ ਕਾਰਨ 20 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ |