ਸ੍ਰੀਨਗਰ : ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲਾਂ ਵਿਚ ਐਤਵਾਰ ਵੱਡੇ ਤੜਕੇ ਤੋਂ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਣ ਦੀਆਂ ਰਿਪੋਰਟਾਂ ਹਨ। ਫੌਜ ਤੇ ਨੀਮ ਫੌਜੀ ਬਲਾਂ ਨੇ ਦਹਿਸ਼ਤਗਰਦਾਂ ਦੀ ਮੂਵਮੈਂਟ ਬਾਰੇ ਜਾਣਕਾਰੀ ਮਿਲਣ ’ਤੇ ਪੁਲਸ ਦੀ ਮਦਦ ਨਾਲ ਨੌਨਾਟਾ, ਨਾਗੇਨੀ ਪਿਆਸ ਤੇ ਨਾਲ ਲੱਗਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਸੁਰੱਖਿਆ ਬਲਾਂ ਤੇ ਦਹਿਸਤਗਰਦਾਂ ਵਿਚਾਲੇ ਮੁਕਾਬਲਾ ਹੋ ਗਿਆ। ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਮੌਕੇ ’ਤੇ ਹੋਰ ਸੁਰੱਖਿਆ ਬਲ ਭੇੇਜੇ ਗਏ ਹਨ। ਉਧਰ, ਅਨੰਤਨਾਗ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਖਿਲਾਫ ਸ਼ਨੀਵਾਰ ਤੋਂ ਜਾਰੀ ਅਪਰੇਸ਼ਨ ਵਿਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਦੋ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਵਾਨਾਂ ਦੇ ਨਾਲ ਦੋ ਆਮ ਨਾਗਰਿਕ ਜਖਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਸਿਵਲੀਅਨ ਅਬਦੁਲ ਰਾਸ਼ਿਦ ਡਾਰ ਨੇ ਐਤਵਾਰ ਵੱਡੇ ਤੜਕੇ ਹਸਪਤਾਲ ਵਿਚ ਦਮ ਤੋੜ ਦਿੱਤਾ। ਸ਼ਹੀਦ ਫੌਜੀਆਂ ਦੀ ਪਛਾਣ ਹਵਲਦਾਰ ਦੀਪਕ ਕੁਮਾਰ ਯਾਦਵ ਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਵਜੋਂ ਹੋਈ ਹੈ।




