ਗੜ੍ਹਸ਼ੰਕਰ/ਮਾਹਿਲਪੁਰ (ਫੂਲਾ ਸਿੰਘ ਬੀਰਮਪੁਰ/
ਸੁਖਵਿੰਦਰ ਸਿੰਘ ਸਫਰੀ)
ਗੜ੍ਹਸ਼ੰਕਰ ਇਲਾਕੇ ਦੇ ਪਹਾੜ ਨਾਲ ਲੱਗਦੇ ਪਿੰਡ ਜੇਜੋਂ ਦੇ ਚੋਅ ’ਚ ਐਤਵਾਰ ਸਵੇਰੇ ਆਏ ਹੜ੍ਹ ਕਾਰਨ ਹਿਮਾਚਲ ਦੇ ਦੇਹਰਾ ਪਿੰਡ ਤੋਂ ਆ ਰਹੀ ਇਨੋਵਾ ਰੁੜ੍ਹਨ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਵਿਅਕਤੀ ਨੂੰ ਉੱਥੇ ਖੜ੍ਹੇ ਨੌਜਵਾਨਾਂ ਵੱਲੋਂ ਬਚਾਅ ਲਿਆ ਗਿਆ।
ਪਿੰਡ ਜੇਜੋਂ ਦੇ ਮਨੋਜ ਕੁਮਾਰ, ਰੋਹਿਤ ਜੈਨ, ਸਚਿਨ ਕੁਮਾਰ, ਸ਼ਿਵਮ ਪ੍ਰਜਾਤਿਆ, ਦੀਪਕ ਸ਼ਰਮਾ ਤੇ ਪਰਮਜੀਤ ਉਰਫ ਪੰਮੀ ਨੇ ਦੱਸਿਆ ਕਿ ਕਰੀਬ ਸਾਢੇ ਦਸ ਵਜੇ ਉਹ ਖੱਡ ਵਿੱਚ ਆਏ ਪਾਣੀ ਨੂੰ ਦੇਖ ਰਹੇ ਸਨ ਤਾਂ ਗੱਡੀ ਪਾਣੀ ਵਿੱਚ ਰੁੜ੍ਹ ਗਈ। ਉਨ੍ਹਾਂ ਹਿੰਮਤ ਕਰਕੇ ਗੱਡੀ ਵਿੱਚ ਫਸੇ ਇੱਕ ਵਿਅਕਤੀ ਨੂੰ ਬਾਹਰ ਕੱਢਿਆ, ਜਦੋਂਕਿ ਬਾਕੀ ਰੁੜ੍ਹ ਗਏ।
ਪਾਣੀ ਜ਼ਿਆਦਾ ਹੋਣ ਕਰਕੇ ਲੋਕਾਂ ਨੇ ਡਰਾਈਵਰ ਨੂੰ ਰੋਕਿਆ ਵੀ ਸੀ, ਪਰ ਉਸ ਨੇ ਗੱਡੀ ਚੋਅ ਵਿਚ ਠੇਲ੍ਹ ਦਿੱਤੀ।
ਬਚਾਏ ਗਏ ਦੀਪਕ ਭਾਟੀਆ ਵਾਸੀ ਦੇਹਰਾ, ਨੇੜੇ ਮਹਿਤਪੁਰ, ਜ਼ਿਲ੍ਹਾ ਊਨਾ ਨੇ ਦੱਸਿਆ ਕਿ ਉਹ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਦੇ ਪਿੰਡ ਮਹਿਰੋਵਾਲ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਗੱਡੀ ਵਿੱਚ ਉਸ ਦਾ ਪਿਤਾ ਸੁਰਜੀਤ ਸਿੰਘ ਭਾਟੀਆ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਨੂੰ, ਭਾਵਨਾ (19), ਅੰਕੂ (20), ਹਰਸ਼ਿਤ (12) ਅਤੇ ਡਰਾਈਵਰ ਸਨ।





