ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਪੈਰਿਸ ਉਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਐਤਵਾਰ ਜਲੰਧਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹਾਕੀ ਪੰਜਾਬ ਦੇ ਅਹੁਦੇਦਾਰਾਂ, ਪਿੰਡ ਵਾਸੀਆਂ ਤੇ ਹਾਕੀ ਪ੍ਰੇਮੀਆਂ ਨੇ ਭਾਰਤੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ ਖੁਸਰੋਪੁਰ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਮਿੱਠਾਪੁਰ ਤੇ ਸੁਖਜੀਤ ਸਿੰਘ ਧੰਨੋਵਾਲੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਹਾਰਦਿਕ ਸਿੰਘ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਲਵਲੀ, ਮਾਤਾ ਕਮਲਜੀਤ ਕੌਰ ਰਾਏ, ਮਨਪ੍ਰੀਤ ਦੇ ਭਰਾ, ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਸੁਖਜੀਤ ਸਿੰਘ ਦੇ ਮਾਤਾ-ਪਿਤਾ ਮੌਜੂਦ ਸਨ। ਹਾਕੀ ਪੰਜਾਬ ਤੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਸਵਾਗਤ ਕਰਨ ਵਾਲਿਆਂ ਵਿਚ ਅਮਰੀਕ ਸਿੰਘ ਪੁਆਰ, ਉਲੰਪੀਅਨ ਸੰਜੀਵ ਕੁਮਾਰ, ਕੌਮਾਂਤਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਦਲਜੀਤ ਸਿੰਘ ਕਸਟਮਜ਼, ਰਿਪੁਦਮਨ ਸਿੰਘ ਕੁਮਾਰ, ਕੁਲਬੀਰ ਸੈਣੀ, ਰਣਬੀਰ ਸਿੰਘ ਰਾਣਾ ਟੁੱਟ, ਨਿਤਿਨ ਕੋਹਲੀ, ਅਲਫਾ ਹਾਕੀ ਦੇ ਮਾਲਕ ਜਤਿਨ ਮਹਾਜਨ, ਮਹਾਂਬੀਰ ਸਿੰਘ, ਗੁਨਦੀਪ ਸਿੰਘ ਅਤੇ ਹੋਰ ਸ਼ਾਮਲ ਹਨ। ਇਸ ਉਪਰੰਤ ਖਿਡਾਰੀਆਂ ਨੂੰ ਉਨ੍ਹਾਂ ਦੇ ਘਰ ਕਾਫਲੇ ਦੇ ਰੂਪ ’ਚ ਲਿਜਾਇਆ ਗਿਆ। ਸੜਕਾਂ ਕੰਢੇ ਖੜ੍ਹੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸਨਮਾਨਤ ਕੀਤਾ। ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈ ਟੀ ਓ ਨੇ ਪੰਜਾਬ ਸਰਕਾਰ ਵੱਲੋਂ ਜੀ ਆਇਆਂ ਕਿਹਾ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਆਪਣੇ ਹਾਕੀ ਖਿਡਾਰੀਆਂ ਉੱਤੇ ਸਦਾ ਮਾਣ ਰਹੇਗਾ।





