ਆਪੋਜ਼ੀਸ਼ਨ ਨੇ ਮੋਦੀ ’ਤੇ ਅਡਾਨੀ ਨੂੰ ਬਚਾਉਣ ਦਾ ਮੁੜ ਦੋਸ਼ ਲਾਇਆ, ਸੇਬੀ ਮੁਖੀ ਬਾਰੇ ਖੁਲਾਸਿਆਂ ਦੀ ਜੇ ਪੀ ਸੀ ਜਾਂਚ ਦੀ ਮੰਗ
ਨਵੀਂ ਦਿੱਲੀ : ਕੈਪੀਟਲ ਮਾਰਕੀਟ ਰੈਗੂਲੇਟਰ ‘ਸੇਬੀ’ ਦੀ ਚੇਅਰਪਰਸਨ ਮਾਧਵੀ ਪੁਰੀ ਬੁੱੁਚ ਤੇ ਉਸ ਦੇ ਪਤੀ ਧਵਲ ਬੁੱਚ ਨੇ ਸ਼ਾਰਟ ਸੈੱਲਰ ਹਿੰਡਨਬਰਗ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿੱਤੀ ਅਸਾਸੇ ਖੁੱਲ੍ਹੀ ਕਿਤਾਬ ਵਾਂਗ ਹਨ, ਜਿਸ ਵਿਚ ਕੁਝ ਵੀ ਲੁਕਾਉਣ ਵਾਲਾ ਨਹੀਂ । ਬੁੱਚ ਜੋੜੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਹਿੰਡਨਬਰਗ, ਜਿਸ ਖਿਲਾਫ ਸੇਬੀ ਨੇ ਕਾਰਵਾਈ ਕੀਤੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਵੱਲੋਂ ਬਦਲੇ ਵਿਚ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਆਨ ਵਿਚ ਜੋੜੇ ਨੇ ਇਹ ਮੰਨਿਆ ਹੈ ਕਿ ਅਡਾਨੀ ਸਮੂਹ ਵਿਚ ਉਨ੍ਹਾਂ ਨਿਵੇਸ਼ ਮਾਧਵੀ ਦੇ ਸੇਬੀ ਵਿਚ ਆਉਣ ਤੋਂ ਦੋ ਸਾਲ ਪਹਿਲਾਂ 2015 ਵਿਚ ਕੀਤਾ ਸੀ। ਉਦੋਂ ਉਹ ਸਿੰਘਾਪੁਰ ਵਿਚ ਰਹਿੰਦੇ ਸਨ।
ਕਾਬਿਲੇਗੌਰ ਹੈ ਕਿ ਅਮਰੀਕਾ ਦੇ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਸੀ ਕਿ ਸੇਬੀ ਮੁਖੀ (ਮਾਧਵੀ ਪੁਰੀ ਬੁੱਚ) ਤੇ ਉਨ੍ਹਾ ਦੇ ਪਤੀ ਦੀ ਅਡਾਨੀ ਔਫਸ਼ੋਰ ਐਂਟਿਟੀਜ਼ ਵਿਚ ਕਥਿਤ 8.7 ਲੱਖ ਡਾਲਰ ਦੀ ਹਿੱਸੇਦਾਰੀ ਸੀ, ਜਿਸ ਕਰਕੇ ਮਾਰਕੀਟ ਰੈਗੂਲੇਟਰ ਵੱਲੋਂ 18 ਮਹੀਨਿਆਂ ਬਾਅਦ ਵੀ ਅਡਾਨੀ ਸਮੂਹ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਧਵੀ 2017 ਵਿਚ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੀ ਕੁਲਵਕਤੀ ਮੈਂਬਰ ਤੇ ਮਾਰਚ 2022 ਵਿਚ ਚੇਅਰਪਰਸਨ ਬਣੀ ਸੀ।
ਇਸੇ ਦੌਰਾਨ ਅਡਾਨੀ ਸਮੂਹ ਨੇ ਹਿੰਡਨਬਰਗ ਦੇ ਦਾਅਵਿਆਂ ਨੂੰ ਸ਼ਰਾਰਤਭਰੇ ਦੱਸਿਆ ਹੈ। ਉਸ ਨੇ ਕਿਹਾ ਕਿ ਉਸ ਦੇ ਪਹਿਲੇ ਦੋਸ਼ਾਂ ਨੂੰ ਸੁਪਰੀਮ ਕੋਰਟ ਨੇ ਜਨਵਰੀ 2024 ਵਿਚ ਰੱਦ ਕਰ ਦਿੱਤਾ ਸੀ। ਸਮੂਹ ਨੇ ਸੇਬੀ ਮੁਖੀ ਨਾਲ ਵਪਾਰਕ ਰਿਸ਼ਤਿਆਂ ਦਾ ਖੰਡਨ ਕੀਤਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਦੋਸ਼ਾਂ ਕਾਰਨ ਸੋਮਵਾਰ ਸ਼ੇਅਰ ਬਾਜ਼ਾਰ ਵਿਚ ਤਰਥੱਲੀ ਮਚ ਸਕਦੀ ਹੈ।
ਕਾਂਗਰਸ ਨੇ ਕਿਹਾ ਹੈ ਕਿ ਹਿੰਡਨਬਰਗ ਰਿਸਰਚ ਦੇ ਉਪਰੋਕਤ ਦਾਅਵੇ ਮਗਰੋੋਂ ਪਾਰਟੀ ਵੱਲੋਂ ‘ਅਡਾਨੀ ਮੈਗਾ ਸਕੈਮ’ ਦੀ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਹੋਰ ਬਲ ਮਿਲਿਆ ਹੈ। ਇਸ ਦੌਰਾਨ ਤਿ੍ਰਣਮੂਲ ਕਾਂਗਰਸ ਨੇ ਸੇਬੀ ਚੇਅਰਮੈਨ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਹਿੰਡਨਬਰਗ ਦੀ ਪਹਿਲੀ ਰਿਪੋਰਟ ਉਜਾਗਰ ਹੋਣ ਵੇਲੇ ਮਾਮਲਾ ਸੁਪਰੀਮ ਕੋਰਟ ਵਿਚ ਪੁੱਜਣ ਤੋਂ ਪਹਿਲਾਂ ਸੇਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆੜੀ ਅਡਾਨੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਨਵੇਂ ਦੋਸ਼ਾਂ ਵਿਚ ਸੇਬੀ ਦੀ ਮੁਖੀ ਦੀ ਅਡਾਨੀ ਨਾਲ ਆਪਸੀ ਲੈਣ-ਦੇਣ ਦਾ ਇੰਕਸ਼ਾਫ ਹੋਇਆ ਹੈ। ਛੋਟੇ ਤੇ ਦਰਮਿਆਨੇ ਨਿਵੇਸ਼ਕ ਦਰਮਿਆਨੇ ਤਬਕੇ ਦੇ ਹੁੰਦੇ ਹਨ, ਜਿਹੜੇ ਸੇਬੀ ’ਤੇ ਭਰੋਸਾ ਕਰਕੇ ਮਿਹਨਤ ਨਾਲ ਕਮਾਈ ਸ਼ੇਅਰ ਮਾਰਕਿਟ ਵਿਚ ਲਾਉਦੇ ਹਨ। ਇਸ ਕਰਕੇ ਇਸ ਜ਼ਬਰਦਸਤ ਸਕੈਂਡਲ ਦੀ ਜੇ ਪੀ ਸੀ ਤੋਂ ਜਾਂਚ ਲਾਜ਼ਮੀ ਹੋ ਗਈ ਹੈ। ਜਾਂਚ ਨਾ ਹੋਈ ਤਾਂ ਇਹ ਸ਼ੱਕ ਬਣਿਆ ਰਹੇਗਾ ਕਿ ਮੋਦੀ ਸੱਤ ਦਹਾਕਿਆਂ ਵਿਚ ਬੜੀ ਜੱਦੋਜਹਿਦ ਨਾਲ ਬਣਾਏ ਸੰਵਿਧਾਨਕ ਅਦਾਰਿਆਂ ਨਾਲ ਖਿਲਵਾੜ ਕਰਕੇ ਆਪਣੇ ਆੜੀ ਨੂੰ ਬਚਾਅ ਰਹੇ ਹਨ।
ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਵਿਦੇਸ਼ੀ ਬੈਂਕ ਹਿੰਡਨਬਰਗ ਨੇ ਸੇਬੀ ’ਤੇ ਹਮਲਾ ਕਾਂਗਰਸ ਨਾਲ ਮਿਲ ਕੇ ਕੀਤਾ ਹੈ।
ਇਸੇ ਦਰਮਿਆਨ ਭਾਜਪਾ ਦੇ ਤਾਮਿਲਨਾਡੂ ਦੇ ਪ੍ਰਧਾਨ ਕੇ ਅੰਨਮਲਾਈ ਨੇ ਕਿਹਾ ਹੈ ਕਿ ਹਾਲਾਂਕਿ ਹਿੰਡਨਬਰਗ ਦੀਆਂ ਪਿਛਲੀਆਂ ਰਿਪੋਰਟਾਂ ਬੇਬੁਨਿਆਦ ਸਾਬਤ ਹੋਈਆਂ ਸਨ, ਸਰਕਾਰ ਨੂੰ ਨਿਵੇਸ਼ਕਾਂ ਦਾ ਭਰੋਸਾ ਬਣਾਈ ਰੱਖਣ ਲਈ ਤਾਜ਼ਾ ਦੋਸ਼ਾਂ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਪਿਛਲੀ ਵਾਰ ਸ਼ੇਅਰ ਬੁਰੀ ਤਰ੍ਹਾਂ ਡਿੱਗੇ ਸਨ, ਇਸ ਕਰਕੇ ਸਰਕਾਰ ਨੂੰ ਪੂਰੀ ਜਾਂਚ ਕਰਾਉਣੀ ਚਾਹੀਦੀ ਹੈ।





