ਧਰਮਸ਼ਾਲਾ : ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ ਨੇ ਪੰਜਾਬ ਦੇ ਦੋ ਪ੍ਰੋਫੈਸਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜੇ ਕਾਂਗੜਾ ਜ਼ਿਲ੍ਹੇ ਵਿਚ ਫਾਰਮੇਸੀ ਕਾਲਜਾਂ ਦਾ ਮੁਲੰਕਣ ਕਰਨ ਲਈ ਫਾਰਮੇਸੀ ਕੌਂਸਲ ਆਫ ਇੰਡੀਆ ਨੇ ਘੱਲੇ ਸਨ। ਬਿਊਰੋ ਦੇ ਐੱਸ ਪੀ ਬਲਬੀਰ ਠਾਕੁਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਬਿਊਰੋ ਦੀ ਟੀਮ ਨੇ ਪੰਜਾਬ ਦੇ ਨੰਬਰ ਵਾਲੀ ਕਰੇਟਾ ਕਾਰ ਐਤਵਾਰ ਰੱਕੜ ਇਲਾਕੇ ਵਿਚ ਰੋਕੀ। ਕਾਰ ਵਿੱਚੋਂ ਸਾਢੇ ਤਿੰਨ ਲੱਖ ਰੁਪਏ ਮਿਲੇ। ਤਸੱਲੀਬਖਸ਼ ਜਵਾਬ ਨਾ ਦੇ ਸਕਣ ’ਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸੰਬੰਧਤ ਪ੍ਰੋਫੈਸਰਾਂ ਰਾਕੇਸ਼ ਚਾਵਲਾ ਤੇ ਪੁਨੀਤ ਕੁਮਾਰ ਨੂੰ ਹਿਰਾਸਤ ’ਚ ਲੈ ਲਿਆ ਗਿਆ। ਦੋਹਾਂ ਨੇ ਹਾਲ ਹੀ ਵਿਚ ਪਾਲਮਪੁਰ ਵਿਚ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਮੁਆਇਨਾ ਕੀਤਾ ਸੀ। ਸ਼ੱਕ ਹੈ ਕਿ ਉਨ੍ਹਾਂ ਇੰਸਟੀਚਿਊਸ਼ਨ ਦੇ ਹੱਕ ਵਿਚ ਰਿਪੋਰਟ ਦੇਣ ਲਈ ਗੈਰਕਾਨੂੰਨੀ ਢੰਗ ਨਾਲ ਪੈਸੇ ਲਏ। ਦੋਵਾਂ ਖਿਲਾਫ ਧਰਮਸ਼ਾਲਾ ਵਿਚ ਕੇਸ ਦਰਜ ਕੀਤਾ ਗਿਆ ਹੈ।