ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ 14 ਅਗਸਤ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਹੋਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਮੀਟਿੰਗ ਦੇ ਏਜੰਡੇ ਬਾਰੇ ਵੇਰਵੇ ਬਾਅਦ ’ਚ ਜਾਰੀ ਕੀਤੇ ਜਾਣਗੇ।
ਡਾਕਟਰਾਂ ਦੀ ਹੜਤਾਲ
ਕੋਲਕਾਤਾ : ਇੱਥੇ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਖਿਲਾਫ ਸੋਮਵਾਰ ਨੂੰ ਸਰਕਾਰੀ ਡਾਕਟਰਾਂ ਵੱਲੋਂ ਦੇਸ਼-ਭਰ ’ਚ ਰੋਸ ਪ੍ਰਦਰਸ਼ਨ ਕੀਤੇ ਗਏ। ਜਿਸ ਹਸਪਤਾਲ ’ਚ ਇਹ ਘਟਨਾ ਵਾਪਰੀ ਸੀ, ਉਸ ਦੇ ਪਿ੍ਰੰਸੀਪਲ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਕਿਹਾ ਕਿ ਜੇ ਪੁਲਸ ਡਾਕਟਰ ਕਤਲ ਮਾਮਲੇ ਨੂੰ ਸੁਲਝਾਉਣ ’ਚ ਐਤਵਾਰ ਤੱਕ ਅਸਫਲ ਰਹੀ ਤਾਂ ਸਰਕਾਰ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦੇਵੇਗੀ। ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ’ਚ ਹੋਵੇ।
ਕੂੜੇ ਦਾ ਢੇਰ ਢਹਿਣ ਨਾਲ 8 ਮੌਤਾਂ
ਕੰਪਾਲਾ : ਯੁਗਾਂਡਾ ਦੀ ਰਾਜਧਾਨੀ ਕੰਪਾਲਾ ’ਚ ਕੂੜੇ ਦਾ ਢੇਰ ਢਹਿਣ ਕਾਰਨ 2 ਬੱਚਿਆਂ ਸਣੇ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 14 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਮਿ੍ਰਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
7 ਕਾਂਵੜੀਆਂ ਦੀ ਮੌਤ
ਜਹਾਨਾਬਾਦ : ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਬਾਬਾ ਸਿੱਧੇਸ਼ਵਰ ਨਾਥ ਮੰਦਰ ’ਚ ਐਤਵਾਰ ਦੇਰ ਰਾਤ ਭਗਦੜ ਮਚਣ ਕਾਰਨ 7 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਕਾਂਵੜੀਏ ਸਨ।
ਸਿਸੋਦੀਆ ਨੇ ਹਾਜ਼ਰੀ ਭਰੀ
ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੁਪਰੀਮ ਕੋਰਟ ਵੱਲੋਂ ਤੈਅ ਜ਼ਮਾਨਤ ਦੀਆਂ ਸ਼ਰਤਾਂ ਦਾ ਪਾਲਣ ਕਰਦੇ ਹੋਏ ਸੋਮਵਾਰ ਸਵੇਰੇ ਈ ਡੀ ਅਤੇ ਸੀ ਬੀ ਆਈ ਦੇ ਦਫਤਰਾਂ ’ਚ ਜਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਸੁਪਰੀਮ ਕੋਰਟ ਨੇ ਸਵੇਰੇ 10 ਤੋਂ 11 ਵਜੇ ਦਰਮਿਆਨ ਦੋਵਾਂ ਜਾਂਚ ਏਜੰਸੀਆਂ ਦੇ ਦਫਤਰਾਂ ’ਚ ਜਾ ਕੇ ਆਪਣੇ ਜਾਂਚ ਅਧਿਕਾਰੀ ਦੇ ਸਾਹਮਣੇ ਹਾਜ਼ਰੀ ਦਰਜ ਕਰਵਾਉਣ ਦੇ ਹੁਕਮ ਦਿੱਤੇ ਸਨ।