ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰੇਤ ਨੇ ਕਿਹਾ ਕਿ ਸੀ ਪੀ ਆਈ ਨੇ ਸ਼ੇਖ ਹਸੀਨਾ ਸਰਕਾਰ ਦੇ ਖਾਤਮੇ ਤੋਂ ਬਾਅਦ ਬੰਗਲਾਦੇਸ਼ ਵਿੱਚ ਘੱਟ ਗਿਣਤੀ ਭਾਈਚਾਰਿਆਂ ’ਤੇ ਹਮਲਿਆਂ ਦਾ ਨੋਟਿਸ ਲਿਆ ਹੈ ਅਤੇ ਆਪਣੀ ਗੰਭੀਰ ਚਿੰਤਾ ਪ੍ਰਗਟਾਈ ਹੈ। ਪਾਰਟੀ ਨੇ ਜਾਰੀ ਬਿਆਨ ’ਚ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੁਝ ਕੱਟੜਪੰਥੀ ਸਮੂਹ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੇ ਫਿਰਕੂ ਅਤੇ ਫੁੱਟ-ਪਾਊ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਮੌਜੂਦਾ ਸਰਕਾਰ ਦਾ ਅਸਤੀਫਾ ਹੋਇਆ ਹੈ। ਸੀ ਪੀ ਆਈ ਉਮੀਦ ਕਰਦੀ ਹੈ ਕਿ ਅੰਤਰਮ ਸਰਕਾਰ ਅਜਿਹੇ ਅਨਸਰਾਂ ਵਿਰੁੱਧ ਗੰਭੀਰਤਾ ਨਾਲ ਕਾਰਵਾਈ ਕਰੇਗੀ, ਜੋ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਸਦਭਾਵਨਾ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਭਰੋਸੇ ਦੇ ਨਿਰਮਾਣ ਦੇ ਉਪਾਅ ਕਰੇਗੀ। ਪ੍ਰੋ. ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਮ ਸਰਕਾਰ ਨੂੰ ਧਰਮ ਨਿਰਪੱਖ ਜਮਹੂਰੀਅਤ ਦੀ ਮਰਿਆਦਾ ਅਨੁਸਾਰ ਹਿੰਦੂਆਂ, ਈਸਾਈਆਂ, ਨਸਲੀ ਘੱਟ-ਗਿਣਤੀਆਂ ਅਤੇ ਗੈਰ-ਵਿਸ਼ਵਾਸੀ ਲੋਕਾਂ ਸਮੇਤ ਸਾਰੀਆਂ ਧਾਰਮਕ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਕੱਟੜਪੰਥੀ ਤਾਕਤਾਂ ਨੂੰ ਬੰਗਲਾਦੇਸ਼ ਦੇ ਮੁਕਤੀ ਸੰਘਰਸ਼ ਦੀ ਸੰਮਲਿਤ ਵਿਰਾਸਤ ’ਤੇ ਹਾਵੀ ਨਹੀਂ ਹੋਣਾ ਚਾਹੀਦਾ, ਜਿੱਥੇ ਸਾਰੇ ਭਾਈਚਾਰਿਆਂ ਨੇ ਮਿਲ ਕੇ ਲੜਿਆ ਸੀ।ਸੀ ਪੀ ਆਈ ਬੰਗਲਾਦੇਸ਼ ਦੀਆਂ ਧਰਮ ਨਿਰਪੱਖ, ਜਮਹੂਰੀ ਅਤੇ ਖੱਬੀਆਂ ਸ਼ਕਤੀਆਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਕੱਟੜਪੰਥੀ ਤਾਕਤਾਂ ਦੁਆਰਾ ਲੋਕ-ਰੋਹ ਨੂੰ ਵਧਣ ਤੋਂ ਰੋਕਣ ਅਤੇ ਫਿਰਕੂ ਸਦਭਾਵਨਾ ਲਈ ਕੰਮ ਕਰਨ। ਸੀ ਪੀ ਆਈ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਹ ਮਾਮਲਾ ਢੁਕਵੇਂ ਅਧਿਕਾਰੀਆਂ ਕੋਲ ਉਠਾਇਆ ਜਾਵੇ, ਤਾਂ ਜੋ ਹਿੰਸਾ ਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੁਆਂਢੀ ਦੇਸ਼ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਰਹਿਣ। ਪਾਰਟੀ ਨੇ ਬੰਗਲਾਦੇਸ਼ ਦੀ ਸਥਿਤੀ ਨੂੰ ਭਾਰਤ ਵਿੱਚ ਫਿਰਕੂ ਧਰੁਵੀਕਰਨ ਲਈ ਵਰਤਣ ਦੀਆਂ ਕੋਸ਼ਿਸ਼ਾਂ ਵਿਰੁੱਧ ਵੀ ਚੇਤਾਵਨੀ ਦਿੱਤੀ ਹੈ। ਭਾਰਤ ਸਰਕਾਰ ਅਤੇ ਸਾਰੀਆਂ ਧਰਮ ਨਿਰਪੱਖ-ਜਮਹੂਰੀ ਤਾਕਤਾਂ ਨੂੰ ਭਾਰਤ ਵਿੱਚ ਫਿਰਕੂ ਤਣਾਅ ਨੂੰ ਵਧਾਉਣ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ।