ਨਵੀਂ ਦਿੱਲੀ : ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਨ੍ਹਾ ਵੱਲੋਂ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਦੇ 15 ਅਗਸਤ ਦੌਰਾਨ ਝੰਡਾ ਲਹਿਰਾਉਣ ਬਾਰੇ ਲਿਖਿਆ ਪੱਤਰ ਜੇਲ੍ਹ ਨਿਯਮਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਹੈ। ਤਿਹਾੜ ਜੇਲ੍ਹ ਨੰਬਰ 2 ਦੇ ਸੁਪਰਡੈਂਟ ਨੇ ਦਿੱਲੀ ਜੇਲ੍ਹ ਨਿਯਮ 2018 ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੂੰ ਪੱਤਰ ਲਿਖ ਕੇ ਸਲਾਹ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਿਹਾ ਜਾਵੇ, ਨਹੀਂ ਤਾਂ ਉਨ੍ਹਾ ਦੇ ਵਿਸ਼ੇਸ਼ ਅਧਿਕਾਰਾਂ ਵਿਚ ਕਟੌਤੀ ਕਰ ਦਿੱਤੀ ਜਾਵੇਗੀ।
ਕੇਜਰੀਵਾਲ ਨੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਦਿੱਲੀ ਸਰਕਾਰ ਦੇ ਅਜ਼ਾਦੀ ਦਿਵਸ ਸਮਾਰੋਹ ਵਿਚ ਉਨ੍ਹਾ ਦੀ ਜਗ੍ਹਾ ਕੈਬਨਿਟ ਮੰਤਰੀ ਆਤਿਸ਼ੀ ਵੱਲੋਂ ਝੰਡਾ ਲਹਿਰਾਇਆ ਜਾਵੇਗਾ। ਹਾਲਾਂਕਿ ਉਪ ਰਾਜਪਾਲ ਦੇ ਦਫਤਰ ਨੇ ਅਜਿਹਾ ਕੋਈ ਪੱਤਰ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਹੈ।