ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਆਪਣੀ ਰਿਹਾਇਸ਼ ’ਤੇ ‘ਆਪ’ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੂਬੇ ’ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਮੀਟਿੰਗ ’ਚ ‘ਆਪ’ ਦੇ ਸੀਨੀਅਰ ਆਗੂ ਸੰਦੀਪ ਪਾਠਕ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਤ ਹੇਅਰ ਸਣੇ ਹੋਰ ਆਗੂ ਵੀ ਮੌਜੂਦ ਰਹੇ।
ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ
ਜਲੰਧਰ : ਸਪੈਸ਼ਲ ਪੀ ਐੱਮ ਐੱਲ ਏ ਕੋਰਟ ਨੇ ਮੰਗਲਵਾਰ ਰਣਜੀਤ ਸਿੰਘ ਕੰਦੋਲਾ ਉਰਫ ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ। ਕੋਰਟ ਨੇ ਰਾਜਾ ਕੰਦੋਲਾ ਨੂੰ 9 ਸਾਲ ਦੀ ਕੈਦ ਤੇ ਪਤਨੀ ਰਾਜਵੰਤ ਕੌਰ ਨੂੰ ਤਿੰਨ ਸਾਲ ਦੀ ਕੈਦ ਦਾ ਹੁਕਮ ਦਿੱਤਾ ਹੈ।
ਬਾਬਾ ਰਾਮਦੇਵ ਦੀ ਮੁਆਫੀ ਕਬੂਲ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਯੋਗ ਗੁਰੂ ਰਾਮਦੇਵ, ਉਸ ਦੇ ਸਹਿਯੋਗੀ ਬਾਲਕਿ੍ਰਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਖਿਲਾਫ ਗੰੁਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ’ਚ ਉਨ੍ਹਾਂ ਵਲੋਂ ਮੰਗੀ ਗਈ ਮੁਆਫੀ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਖਿਲਾਫ ਮਾਣਹਾਨੀ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ। ਐਡਵੋਕੇਟ ਗੌਤਮ ਤਾਲੁਕਦਾਰ ਨੇ ਕਿਹਾਅਦਾਲਤ ਨੇ ਰਾਮਦੇਵ, ਬਾਲਕਿ੍ਰਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੁਆਰਾ ਦਿੱਤੇ ਗਏ ਇਕਰਾਰਨਾਮੇ ਦੇ ਆਧਾਰ ’ਤੇ ਮਾਣਹਾਨੀ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਹੈ।
ਆਸਾ ਰਾਮ ਨੂੰ 7 ਦਿਨ ਦੀ ਪੈਰੋਲ
ਜੈਪੁਰ : ਰਾਜਸਥਾਨ ਹਾਈ ਕੋਰਟ ਦੇ ਜਸਟਿਸ ਪੁਸ਼ਪਿੰਦਰ ਸਿੰਘ ਭਾਟੀ ਨੇ ਬਾਪੂ ਆਸਾ ਰਾਮ ਦੀ 7 ਦਿਨ ਦੀ ਪੈਰੋਲ ਮਨਜ਼ੂਰ ਕੀਤੀ ਹੈ। ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾ ਰਾਮ ਨੂੰ ਪੁਣੇ ਦੇ ਮਾਧੋਬਾਗ ਆਯੁਰਵੈਦਿਕ ਹਸਪਤਾਲ ਵਿਚ ਇਲਾਜ ਲਈ ਪੈਰੋਲ ਦਿੱਤੀ ਗਈ ਹੈ।