ਹਿੰਡਨਬਰਗ ਰਿਸਰਚ ਦੀ ਤਾਜ਼ਾ ਰਿਪੋਰਟ ਤੋਂ ਬਾਅਦ ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਭੁਚਾਲ ਆਇਆ ਹੋਇਆ ਹੈ। ਕਈ ਹਲਕੇ ਇਹ ਵੀ ਕਹਿ ਰਹੇ ਹਨ ਕਿ ਹਿੰਡਨਬਰਗ ਵੱਲੋਂ ਇਸ ਸੰਬੰਧੀ ਰਿਪੋਰਟ ਪੇਸ਼ ਕੀਤੇ ਜਾਣ ਦੇ ਕੀਤੇ ਦਾਅਵੇ ਤੋਂ ਬਾਅਦ ਸੰਸਦ ਦਾ ਅਜਲਾਸ ਸਮੇਂ ਤੋਂ ਤਿੰਨ ਦਿਨ ਪਹਿਲਾਂ ਉਠਾਅ ਦੇਣ ਦੀ ਕਾਰਵਾਈ ਵੀ ਇਸ ਰਿਪੋਰਟ ਦੇ ਡਰ ਕਾਰਨ ਹੀ ਕੀਤੀ ਗਈ ਸੀ, ਕਿਉਂਕਿ ਸੰਸਦ ਵਿੱਚ ਇਸ ਮਾਮਲੇ ਉੱਤੇ ਜੇ ਪੀ ਸੀ ਦੀ ਮੰਗ ਉੱਠ ਖੜ੍ਹੀ ਹੋਣੀ ਸੀ। ਇਸ ਵਾਰ ਹਿੰਡਨਬਰਗ ਵੱਲੋਂ ਸੇਬੀ ਪ੍ਰਮੁੱਖ ਦੇ ਅਡਾਨੀ ਨਾਲ ਸੰਬੰਧਾਂ ਦਾ ਖੁਲਾਸਾ ਕੀਤਾ ਗਿਆ ਹੈ। ਇਸ ਰਿਪੋਰਟ ਦਾ ਖੁਲਾਸਾ ਹੋਣ ਤੋਂ ਬਾਅਦ ਸੇਬੀ ਪ੍ਰਮੁੱਖ ਮਾਧਵੀ ਪੁਰੀ ਬੁੱਚ ਨੇ ਜੋ ਸਫ਼ਾਈ ਦਿੱਤੀ ਹੈ, ਉਸ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਹਿੰਡਨਬਰਗ ਰਿਪੋਰਟ ਨੇ ਦੋਸ਼ ਲਾਇਆ ਸੀ ਕਿ ਸੇਬੀ ਪ੍ਰਮੁੱਖ ਬੁੱਚ ਦੇ ਅਡਾਨੀ ਸਮੂਹ ਨਾਲ ਕਾਰੋਬਾਰੀ ਰਿਸ਼ਤੇ ਹਨ, ਜਿਸ ਕਾਰਨ ਉਹ ਅਡਾਨੀ ਸਮੂਹ ਦੀਆਂ ਕੰਪਨੀਆਂ ਦੀਆਂ ਹੇਰਾਫੇਰੀਆਂ ਪ੍ਰਤੀ ਨਰਮ ਰਵੱਈਆ ਰੱਖਦੀ ਹੈ। ਮਾਧਵੀ ਬੁੱਚ ਤੇ ਉਸ ਦੇ ਪਤੀ ਨੇ ਇਸ ਦਾ ਖੰਡਨ ਕੀਤਾ ਸੀ।
ਇਸ ਦੇ ਜਵਾਬ ਵਿੱਚ ਹਿੰਡਨਬਰਗ ਨੇ ਕਿਹਾ ਹੈ ਕਿ ਸੇਬੀ ਪ੍ਰਮੁੱਖ ਮਾਧਵੀ ਬੁੱਚ ਨੇ ਸਫ਼ਾਈ ਵਿੱਚ ਕਈ ਮਹੱਤਵਪੂਰਨ ਦੋਸ਼ ਮੰਨ ਲਏ ਹਨ, ਜਿਹੜੇ ਨਵੇਂ ਸਵਾਲ ਖੜ੍ਹੇ ਕਰਦੇ ਹਨ। ਹਿੰਡਨਬਰਗ ਨੇ ਪਿਛਲੇ ਸਾਲ ਜਨਵਰੀ ਵਿੱਚ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਰੁੱਧ ਕਾਰਪੋਰੇਟ ਨਿਯਮਾਂ ਦੀ ਉਲੰਘਣਾ ਤੇ ਸਟਾਕ ਹੇਰਾਫੇਰੀ ਦੇ ਦੋਸ਼ ਲਾਏ ਸਨ। ਸੇਬੀ ਨੇ ਇਸ ਮਾਮਲੇ ਦੀ ਜਾਂਚ ਦੇ ਨਾਂਅ ’ਤੇ ਸਿਰਫ਼ ਖਾਨਾਪੂਰਤੀ ਕੀਤੀ ਸੀ। ਹੁਣ ਆਈ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਵੇਂ ਸੇਬੀ ਪ੍ਰਮੁੱਖ ਮਾਧਵੀ ਤੇ ਉਸ ਦੇ ਪਤੀ ਧਵਲ ਬੁੱਚ ਦੇ ਅਡਾਨੀ ਸਮੂਹ ਨਾਲ ਸੰਬੰਧ ਹਨ ਤੇ ਕਿਵੇਂ ਉਨ੍ਹਾਂ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਹਿੰਡਨਬਰਗ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਸਾਰੇ ਦੋਸ਼ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਲਾਏ ਹਨ। ਬੁੱਚ ਵੱਲੋਂ ਕੋਈ ਵੀ ਗਲਤ ਕੰਮ ਨਾ ਕਰਨ ਦੇ ਦਾਅਵਿਆਂ ਉੱਤੇ ਪਲਟਵਾਰ ਕਰਦਿਆਂ ਹਿੰਡਨਬਰਗ ਨੇ ਕਿਹਾ ਹੈ, ‘ਬੁੱਚ ਪਰਵਾਰ ਦੀ ਸਫ਼ਾਈ ਸਾਡੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਨ੍ਹਾਂ ਨੇ ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਵੱਲੋਂ ਕਥਿਤ ਤੌਰ ਉੱਤੇ ਕਢਾਏ ਗਏ ਪੈਸੇ ਨਾਲ ਬਰਮੂਡਾ/ਮਾਰੀਸ਼ਸ ਫੰਡ ਵਿੱਚ ਨਿਵੇਸ਼ ਕੀਤਾ ਸੀ। ਮਾਧਵੀ ਨੇ ਇਹ ਵੀ ਮੰਨਿਆ ਹੈ ਕਿ ਇਹ ਫੰਡ ਮੇਰੇ ਪਤੀ ਦੇ ਦੋਸਤ ਦਾ ਸੀ, ਜੋ ਉਸ ਵੇਲੇ ਅਡਾਨੀ ਸਮੂਹ ਦੇ ਡਾਇਰੈਕਟਰ ਸਨ। ਸੇਬੀ ਨੂੰ ਅਡਾਨੀ ਮਾਮਲੇ ਨਾਲ ਸੰਬੰਧਤ ਨਿਵੇਸ਼ ਫੰਡਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਵਿੱਚ ਮਾਧਵੀ ਦੇ ਵਿਅਕਤੀਗਤ ਫੰਡ ਵੀ ਸ਼ਾਮਲ ਸਨ। ਇਹ ਸਪੱਸ਼ਟ ਤੌਰ ਉੱਤੇ ਹਿੱਤਾਂ ਦਾ ਟਕਰਾਅ ਸੀ।’ ਹਿੰਡਨਬਰਗ ਨੇ ਕਿਹਾ ਹੈ ਕਿ ਸਿੰਗਾਪੁਰ ਸਥਿਤ ਐਗੋਰਾ ਐਡਵਾਇਜ਼ਰੀ ਲਿਮਟਿਡ (ਇੰਡੀਆ) ਨਾਂਅ ਦੀ ਇੱਕ ਕੰਪਨੀ ਵਿੱਚ ਮਾਧਵੀ ਦੀ ਹਾਲੇ ਵੀ 99 ਫ਼ੀਸਦੀ ਮਾਲਕੀ ਹੈ ਤੇ ਉਸੇ ਨੂੰ ਅਡਾਨੀ ਸਮੂਹ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹਿੰਡਨਬਰਗ ਨੇ ਮਾਧਵੀ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਇਸ ਸਾਰੇ ਕੇਸ ਦੀ ਜਨਤਕ ਜਾਂਚ ਲਈ ਸਹਿਮਤ ਹੋਵੇਗੀ।
ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਹਿੰਡਨਬਰਗ ਵੱਲੋਂ ਲਾਏ ਦੋਸ਼ਾਂ ਬਾਰੇ ਕਿਹਾ ਹੈ ਕਿ ਜੇਕਰ ਇਸ ਘੁਟਾਲੇ ਕਾਰਨ ਕਰੋੜਾਂ ਨਿਵੇਸ਼ਕ ਆਪਣੀ ਉਮਰ ਭਰ ਦੀ ਕਮਾਈ ਗੁਆ ਦਿੰਦੇ ਹਨ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾਮੋਦੀ, ਸੇਬੀ ਪ੍ਰਮੁੱਖ ਜਾਂ ਅਡਾਨੀ। ਉਨ੍ਹਾ ਇਹ ਵੀ ਕਿਹਾ ਕਿ ਏਨੇ ਗੰਭੀਰ ਦੋਸ਼ਾਂ ਤੋਂ ਬਾਅਦ ਮਾਧਵੀ ਬੁੱਚ ਨੇ ਅਸਤੀਫਾ ਕਿਉਂ ਨਹੀਂ ਦਿੱਤਾ। ਕੀ ਸੁਪਰੀਮ ਕੋਰਟ ਇਸ ਮਾਮਲੇ ਬਾਰੇ ਖੁਦ ਨੋਟਿਸ ਲੈਂਦਿਆਂ ਇਸ ਉੱਤੇ ਕਾਰਵਾਈ ਕਰੇਗੀ? ਉਨ੍ਹਾ ਅੱਗੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਇੰਟ ਪਾਰਲੀਮੈਂਟਰੀ ਕਮੇਟੀ ਤੋਂ ਏਨਾ ਕਿਉਂ ਡਰਦੇ ਹਨ।