ਜੰਮੂ : ਡੋਡਾ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ’ਚ ਦਹਿਸ਼ਤਗਰਦਾਂ ਦੀ ਭਾਲ ਲਈ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਥਲ ਸੈਨਾ ਦਾ ਕੈਪਟਨ ਸ਼ਹੀਦ ਹੋ ਗਿਆ, ਜਦਕਿ ਇਸ ਦੌਰਾਨ 1 ਦਹਿਸ਼ਤਗਰਦ ਮਾਰਿਆ ਗਿਆ।ਸ਼ਿਵਗੜ੍ਹ-ਅੱਸਾਰ ਪੱਟੀ ’ਚ ਲੁਕੇ ਦਹਿਸ਼ਤਗਰਦਾਂ ਦੀ ਭਾਲ ਲਈ ਸੁਰੱਖਿਆ ਬਲਾਂ ਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਸੰਘਣੇ ਜੰਗਲੀ ਖੇਤਰ ’ਚ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਹੋਈ ਇਸ ਗੋਲੀਬਾਰੀ ਵਿਚ ਆਮ ਨਾਗਰਿਕ ਵੀ ਜ਼ਖਮੀ ਹੋ ਗਿਆ। ਮੁਕਾਬਲੇ ਵਾਲੀ ਥਾਂ ਤੋਂ ਖੂਨ ਨਾਲ ਲੱਥਪੱਥ ਚਾਰ ਬੈਗ ਬਰਾਮਦ ਕੀਤੇ ਗਏ ਹਨ। ਐੱਮ-4 ਕਾਰਬਾਈਨ ਵੀ ਬਰਾਮਦ ਕੀਤੀ ਹੈ। ਸ਼ੱਕ ਹੈ ਕਿ 4 ਹੋਰ ਦਹਿਸ਼ਤਗਰਦ ਵੀ ਮਾਰੇ ਗਏ ਹਨ। 48 ਰਾਸ਼ਟਰੀ ਰਾਈਫਲਜ਼ ਦੇ ਕੈਪਟਨ ਦੀਪਕ ਸਿੰਘ ਦੀ ਛਾਤੀ ਦੇ ਸੱਜੇ ਪਾਸੇ ਤਿੰਨ ਗੋਲੀਆਂ ਲੱਗੀਆਂ, ਪਰ ਉਹ ਗੰਭੀਰ ਹਾਲਤ ਵਿਚ ਵੀ ਆਪਣੀ ਟੀਮ ਨੂੰ ਨਿਰਦੇਸ਼ ਦਿੰਦੇ ਰਹੇ। ਬਾਅਦ ਦੀਆਂ ਰਿਪੋਰਟਾਂ ਮੁਤਾਬਕ ਜੰਮੂ-ਡੋਡਾ ਨੈਸ਼ਨਲ ਹਾਈਵੇ ਦੇ ਨੇੜੇ ਬੱਗਰ ਕੋਲ ਮੁਕਾਬਲਾ ਜਾਰੀ ਸੀ।