ਨਵੀਂ ਦਿੱਲੀ : ਹਾਕੀ ਇੰਡੀਆ ਨੇ ਬੁੱਧਵਾਰ ਗੋਲਚੀ ਪੀਆਰ ਸ੍ਰੀਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ। ਜੂਨੀਅਰ ਟੀਮ ਦੇ ਖਿਡਾਰੀ 16 ਨੰਬਰ ਦੀ ਜਰਸੀ ਪਹਿਨਦੇ ਰਹਿਣਗੇ। ਸ੍ਰੀਜੇਸ਼ ਨੇ ਪੈਰਿਸ ’ਚ ਦੇਸ਼ ਨੂੰ ਲਗਾਤਾਰ ਦੂਜਾ ਉਲੰਪਿਕ ਕਾਂਸੀ ਤਮਗਾ ਜਿੱਤਣ ’ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ 36 ਸਾਲਾ ਸ੍ਰੀਜੇਸ਼, ਜਿਸ ਨੇ ਲੱਗਭੱਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ, ਜੂਨੀਅਰ ਕੌਮੀ ਕੋਚ ਦੀ ਭੂਮਿਕਾ ਨਿਭਾਏਗਾ।