ਓਟਵਾ : ਜਲੰਧਰ ਵਿੱਚ ਜਨਮੀ ਸੋਸ਼ਲ ਮੀਡੀਆ ਪ੍ਰਭਾਵਕ 45 ਸਾਲਾ ਨੈਨਸੀ ਗਰੇਵਾਲ ਦਾ ਕੈਨੇਡਾ ਦੇ ਵਿੰਡਸਰ ਵਿੱਚ ਕਤਲ ਕਰ ਦਿੱਤਾ ਗਿਆ। ਉਹ ਸੋਸ਼ਲ ਮੀਡੀਆ ’ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਗਰਮ ਖਿਆਲੀਆਂ ਦੇ ਖਿਲਾਫ ਬਿਆਨਾਂ ਕਾਰਨ ਕਾਫੀ ਚਰਚਾ ’ਚ ਰਹੀ। ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਪੁਲਸ ਨੂੰ ਮੰਗਲਵਾਰ ਰਾਤ ਨੂੰ ਰਿਪੋਰਟ ਮਿਲੀ ਕਿ ਵਿੰਡਸਰ ਦੇ ਟੌਡ ਲੇਨ ਇਲਾਕੇ ਦੀ ਰਹਿਣ ਵਾਲੀ ਨੈਂਸੀ ਗਰੇਵਾਲ ਨੂੰ ਉਸ ਦੇ ਘਰ ਦੇ ਅੰਦਰ ਚਾਕੂ ਮਾਰਿਆ ਗਿਆ ਹੈ। ਪੁਲਸ ਅਤੇ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾ ਦੇ ਮੈਂਬਰ ਰਾਤ 9:30 ਵਜੇ ਦੇ ਕਰੀਬ ਟੌਡ ਲੇਨ ਦੇ 2400 ਬਲਾਕ ’ਤੇ ਪਹੁੰਚੇ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਨੈਨਸੀ ਦੇ ਕਤਲ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਦੇ ਵਸਨੀਕ ਗਮਗੀਨ ਹਨ, ਪਰ ਉਸ ਦੇ ਬੇਬਾਕ ਸੁਭਾਅ ਕਾਰਨ ਹੋਈ ਉਸ ਦੀ ਮੌਤ ਬਾਰੇ ਚੁੱਪ ਹਨ। ਹਾਲਾਂਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਯੂਟਿਊਬਰ ਦੇ ਕਤਲ ਦੀ ਨਿੰਦਾ ਕਰਦਿਆਂ ਤਰਕ ਦਿੱਤਾ ਹੈ ਕਿ ਵਿਸ਼ਵ ਪੱਧਰ ’ਤੇ ਸ਼ਾਸਨ ਅਰਾਜਕਤਾ ਵੱਲ ਵਧ ਰਿਹਾ ਹੈ।
ਹਾਲਾਂਕਿ ਕੋਈ ਵੀ ਵਸਨੀਕ 45 ਸਾਲਾ ਪੇਸ਼ੇਵਰ ਨਰਸ ਦੇ ਮਾਪਿਆਂ ਅਤੇ ਦਾਦਾ-ਦਾਦੀ ਬਾਰੇ ਬਹੁਤੀ ਜਾਣਕਾਰੀ ਨਹੀਂ ਦੇ ਸਕਿਆ, ਪਰ ਉਨ੍ਹਾਂ ਕਿਹਾ ਕਿ ਉਸ ਦੇ ਮਾਪੇ ਇੱਕ ਸਾਬਕਾ ਪੰਚ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਪਰਵਾਰ ਬਾਅਦ ਵਿੱਚ ਪੱਖੋਵਾਲ ਲੁਧਿਆਣਾ ਰੋਡ ’ਤੇ ਸਥਿਤ ਨੇੜਲੇ ਪਿੰਡ ਜੋਧਾਂ ਵਿੱਚ ਚਲਾ ਗਿਆ ਸੀ। ਵਸਨੀਕਾਂ ਅਨੁਸਾਰ ਨੈਂਸੀ ਦੇ ਪਰਵਾਰ ਦੇ ਕੁਝ ਮੈਂਬਰ ਜਲੰਧਰ ਵਿੱਚ ਰਹਿ ਰਹੇ ਦੱਸੇ ਜਾਂਦੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਪ੍ਰਭਦੀਪ ਨਾਰੰਗਵਾਲ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਨੂੰ ਪੰਜ ਸਾਲ ਪਹਿਲਾਂ ਨੈਨਸੀ ਬਾਰੇ ਪਤਾ ਲੱਗਿਆ ਸੀ ਜਦੋਂ ਉਸ ਨੇ ਇੱਕ ਵੀਡੀਓ ਵਿੱਚ ਨਾਰੰਗਵਾਲ ਵਿੱਚ ਆਪਣੀਆਂ ਜੜ੍ਹਾਂ ਬਾਰੇ ਤੱਥਾਂ ਦਾ ਖੁਲਾਸਾ ਕੀਤਾ ਸੀ। ਸਰਪੰਚ ਮਨਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਨੈਂਸੀ ਦੇ ਪਰਵਾਰ ਨੇ 2024 ਦੀ ਆਖਰੀ ਤਿਮਾਹੀ ਦੌਰਾਨ ਜ਼ਮੀਨੀ ਵਿਵਾਦ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜੋ ਕਿ ਪਿੰਡ ਦੇ ਬਾਹਰਵਾਰ ਸਥਿਤ ਇੱਕ ਇਤਿਹਾਸਕ ਧਾਰਮਿਕ ਸਥਾਨ ਦੇ ਨੇੜੇ ਸਥਿਤ ਜਾਇਦਾਦ ਨਾਲ ਸੰਬੰਧਤ ਸੀ। ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਇਸ ਘਟਨਾ ਨੂੰ ਵਿਸ਼ਵ ਪੱਧਰ ’ਤੇ ਸ਼ਾਸਨ ਪ੍ਰਣਾਲੀ ਦੀ ਅਸਫਲਤਾ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਕਾਰਪੋਰੇਟ ਅਤੇ ਰਾਜਨੀਤਕ ਖੇਤਰ ਆਪਣੇ ਸਵਾਰਥਾਂ ਲਈ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਦੌਰਾਨ ਜਲੰਧਰ ਵਿੱਚ ਆਪਣੀ ਧੀ ਨਾਲ ਰਹਿ ਰਹੀ ਨੈਨਸੀ ਦੀ ਮਾਂ ਛਿੰਦਰਪਾਲ ਕੌਰ ਨੇ ਆਪਣੀ ਮਿ੍ਰਤਕ ਧੀ ਲਈ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵਿੰਡਸਰ ਵਿੱਚ ਰਹਿਣ ਵਾਲੇ ਕੁਝ ਕੱਟੜਪੰਥੀਆਂ ’ਤੇ ਕਤਲ ਦਾ ਦੋਸ਼ ਲਾਇਆ ਹੈ।





