ਬੰਗਾ/ਚੰਡੀਗੜ੍ਹ (ਅਵਤਾਰ ਕਲੇਰ/ਗੁਰਜੀਤ ਬਿੱਲਾ) : ਵਿਧਾਨ ਸਭਾ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਕੋਰ ਕਮੇਟੀ ਦੇ ਮੈਂਬਰ ਡਾ. ਸੁਖਵਿੰਦਰ ਸਿੰਘ ਸੁੱਖੀ ਬੁੱਧਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਪੇਸ਼ੇ ਤੋਂ ਡਾਕਟਰ ਸੁੱਖੀ ਐੱਸ ਬੀ ਐੱਸ ਨਗਰ ਜ਼ਿਲ੍ਹੇ ਦੀ ਬੰਗਾ ਵਿਧਾਨ ਸਭਾ ਸੀਟ ਤੋਂ 2017 ’ਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਮੁੜ ਚੁਣੇ ਗਏ।
ਸੁੱਖੀ ਨੂੰ ਆਪਣੀ ਰਿਹਾਇਸ਼ ’ਤੇ ਪਾਰਟੀ ਵਿਚ ਸ਼ਾਮਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁੱਖੀ ਦੇ ਆਪ ’ਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਵਗੀ। ਡਾ. ਸੁੱਖੀ ਨੇ ਕਿਹਾ-ਮੈਨੂੰ ਉਸ ਵਕਤ ਜੁਆਇਨ ਕਰਵਾਇਆ ਹੈ, ਜਦੋਂ ਪਾਰਟੀ ਕੋਲ ਪਹਿਲਾਂ ਹੀ 90 ਵਿਧਾਇਕ ਹਨ। ਮੈਨੂੰ ਨਵਾਂਸ਼ਹਿਰ ’ਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ।
ਸੁੱਖੀ ਵਿਧਾਨ ਸਭਾ ਵਿਚ ਤਿੰਨ ਮੈਂਬਰੀ ਅਕਾਲੀ ਦਲ ਵਿਧਾਇਕ ਪਾਰਟੀ ਦੇ ਆਗੂ ਸਨ। ਹੁਣ ਸੁਖਬੀਰ ਸਿੰਘ ਬਾਦਲ ਨਾਲ ਮਜੀਠਾ ਦੀ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਹੀ ਰਹਿ ਗਈ ਹੈ। ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਪਹਿਲਾਂ ਹੀ ਪਾਰਟੀ ਸਰਗਰਮੀਆਂ ਤੋਂ ਦੂਰ ਚੱਲ ਰਹੇ ਹਨ।
ਸੁੱਖੀ ਦੇ ਜਾਣ ਤੋਂ ਪਾਰਟੀ ਆਗੂ ਹੈਰਾਨ ਰਹਿ ਗਏ। ਉਨ੍ਹਾ ਪਾਰਟੀ ਆਗੂਆਂ ਕੋਲ ਕਦੇ ਕੋਈ ਸ਼ਿਕਾਇਤ ਸਾਂਝੀ ਨਹੀਂ ਕੀਤੀ ਸੀ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾ ਨੂੰ ਕੋਰ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ। ਉਨ੍ਹਾ ਦਾ ਪੂਰਾ ਮਾਣ-ਤਾਣ ਕੀਤਾ ਜਾਂਦਾ ਸੀ।
ਅਯਾਲੀ ਨੇ ਕਿਹਾ ਕਿ ਸੁੱਖੀ ਦਾ ਜਾਣਾ ਅਕਾਲੀ ਦਲ ਲਈ ਵੱਡੀ ਸੱਟ ਹੈ। ਸਦਮੇ ਵਾਲੀ ਗੱਲ ਹੈ ਕਿ ਜਦੋਂ ਪਾਰਟੀ ਸੰਕਟ ਵਿਚ ਹੈ ਤਾਂ ਉਹ ਪਾਰਟੀ ਛੱਡ ਗਏ। ਪਾਰਟੀ ਲੀਡਰਸ਼ਿਪ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਵਰਕਰ ਕੀ ਕਹਿ ਰਹੇ ਹਨ ਤੇ ਕੀ ਮੰਗ ਕਰ ਰਹੇ ਹਨ। ਸਭ ਅਕਾਲੀ ਦਲ ਕਰਕੇ ਹੀ ਹਨ ਤੇ ਪਾਰਟੀ ਨੂੰ ਵਰਕਰਾਂ ਦੀਆਂ ਇੱਛਾਵਾਂ ਮੁਤਾਬਕ ਤਕੜਾ ਕਰਨ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਕੋਲ ਮਹਿਜ਼ ਤਿੰਨ ਹੀ ਵਿਧਾਇਕ ਸਨ, ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਅਯਾਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਅਤੇ ਪਾਰਟੀ ’ਚ ਆਏ ਨਿਘਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਬੈਠੇ ਹਨ। ਦੋਆਬਾ ਤੋਂ ਇਕਲੌਤੇ ਵਿਧਾਇਕ ਦਾ ਆਪ ’ਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਵਰਕਰ ਮਾਯੂਸ ਹਨ, ਉਥੇ ਚੁਣੇ ਹੋਏ ਨੁਮਾਇੰਦੇ ਵੀ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ।
ਡਾ. ਸੁੱਖੀ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਇਸ ਗੱਲ ਉਪਰ ਮੋਹਰ ਲੱਗ ਗਈ ਹੈ ਕਿ ਲੀਡਰਸ਼ਿਪ ਵਿਚ ਬਦਲਾਅ ਨਾਲ ਹੀ ਅਕਾਲੀ ਦਲ ’ਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ।