27 ਨੂੰ ਲੁਧਿਆਣਾ ’ਚ ਵਿਸ਼ਾਲ ਰੈਲੀ ਤੇ ਰੋਸ ਮਾਰਚ

0
151

ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ 24 ਨੂੰ : ਚਾਹਲ
ਮੋਗਾ (ਇਕਬਾਲ ਸਿੰਘ ਖਹਿਰਾ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਪਿਛਲੇ ਦਿਨੀਂ ਖਜਿਆਰ (ਹਿਮਾਚਲ ਪ੍ਰਦੇਸ਼) ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਡਿਪਟੀ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਸੂਬਾਈ ਕੈਸ਼ੀਅਰ ਸੁਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਅੰਦਰ ਆ ਰਹੀਆਂ ਮੁਸ਼ਕਲਾਂ ਨੂੰ ਸਮਝਦਿਆਂ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਅਤੇ ਪੀ ਆਰ ਟੀ ਸੀ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ 24 ਅਗਸਤ ਨੂੰ ਲੁਧਿਆਣਾ ਦੇ ਈਸੜੂ ਭਵਨ ਵਿਖੇ ਹੋਵੇਗੀ। ਟਰਾਂਸਪੋਰਟ ਵਿਭਾਗ ਦੀਆਂ ਦੋਵੇਂ ਐਕਸ਼ਨ ਕਮੇਟੀਆਂ ਮਹਿਸੂਸ ਕਰਦੀਆਂ ਹਨ ਕਿ ਸਾਂਝੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਲਈ ਸਾਂਝੇ ਤੌਰ ’ਤੇ ਐਕਸ਼ਨ ਕਰਕੇ ਹੀ ਹੱਲ ਕਰਵਾਇਆ ਜਾ ਸਕਦਾ ਹੈ। ਪੰਜਾਬ ਅੰਦਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਇੱਕ ਵੀ ਨਵੀਂ ਬੱਸ ਇਸ ਮਹਿਕਮੇ ਅੰਦਰ ਨਹੀਂ ਪਾਈ ਗਈ। ਪੰਜਾਬ ਰੋਡਵੇਜ਼ ਵਿੱਚ ਫਲੀਟ ਮੁਤਾਬਕ 1000 ਬੱਸ ਘੱਟ ਹੈ। ਕੁਝ ਬੱਸਾਂ ਸਪੇਅਰ ਪਾਰਟਸ ਦੀ ਘਾਟ ਕਰਕੇ ਡਿਪੂਆਂ ਅੰਦਰ ਖੜ੍ਹੀਆਂ ਰਹਿੰਦੀਆਂ ਹਨ, ਜਿਸ ਦੇ ਸਿੱਟੇ ਵਜੋਂ ਹਰ ਰੋਜ਼ ਲਗਭਗ ਡੇਢ ਲੱਖ ਕਿਲੋਮੀਟਰ ਮਾਈਲੇਜ ਰੋਜ਼ਾਨਾ ਮਿਸ ਹੋਣ ਕਰਕੇ ਸਿੱਧਾ ਲਾਭ ਪ੍ਰਾਈਵੇਟ ਬੱਸ ਉਪਰੇਟਰਾਂ ਨੂੰ ਦਿੱਤਾ ਜਾ ਰਿਹਾ ਹੈ। ਅਜਿਹੀ ਹਾਲਤ ਹੀ ਲਗਭਗ ਪੀ ਆਰ ਟੀ ਸੀ ਦੀ ਹੈ। ਫਰੀ ਸਫ਼ਰ ਸਹੂਲਤਾਂ ਦੇ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਲਗਭਗ 800 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਮਾਈਲੇਜ ਮਿਸ ਹੋਣ ਕਰਕੇ ਫਰੀ ਸਫ਼ਰ ਕਰਨ ਵਾਲੀਆਂ ਕੈਟਾਗਰੀਆਂ ਦੀ ਖੱਜਲਖੁਆਰੀ ਹੁੰਦੀ ਹੈ, ਸਰਕਾਰ ਦੀ ਬਦਨਾਮੀ ਹੁੰਦੀ ਹੈ ਅਤੇ ਮੁਲਾਜ਼ਮਾਂ ਨਾਲ ਰੋਜ਼ਾਨਾ ਮੁਫ਼ਤ ਦੇ ਝਗੜੇ ਹੁੰਦੇ ਹਨ। ਠੇਕੇ ਅਤੇ ਆਊਟਸੋਰਸ ਕਾਮਿਆਂ ਨੂੰ ਪੱਕੇ ਕਰਨ ਲਈ ਵਾਰ-ਵਾਰ ਕਮੇਟੀਆਂ ਬਣਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਸਰਕਾਰ ਵੱਲੋਂ ਦੂਜਿਆਂ ਸੂਬਿਆਂ ਵਿੱਚ ਤਾਂ ਵੋਟਾਂ ਬਟੋਰਨ ਲਈ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਲਗਾਏ ਗਏ, ਪਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ। ਨਜਾਇਜ਼ ਅਪਰੇਸ਼ਨ ਅਤੇ ਭਿ੍ਰਸ਼ਟਾਚਾਰ ਘਟਣ ਦੀ ਬਜਾਏ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਸ ਸਰਕਾਰ ਸਮੇਂ ਅਮਰਵੇਲ ਵਾਂਗ ਵਧਿਆ ਹੈ। ਸਟਾਫ਼ ਰਿਟਾਇਰ ਹੋ ਰਿਹਾ ਹੈ, ਪਰ ਅਜੇ ਤੱਕ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ, ਜਿਸ ਕਰਕੇ ਮਹਿਕਮੇ ਦੀ ਕਾਰਗੁਜ਼ਾਰੀ ਉਪਰ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਐਕਸ਼ਨ ਕਮੇਟੀਆਂ ਨੇ ਫੈਸਲਾ ਕੀਤਾ ਕਿ 27 ਅਗਸਤ ਨੂੰ ਲੁਧਿਆਣਾ ਬੱਸ ਸਟੈਂਡ ਉਪਰ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਜਾਵੇਗਾ। ਇਸ ਸੰਬੰਧ ’ਚ ਇੱਥੇ ਹੋਈ ਮੀਟਿੰਗ ਵਿੱਚ ਮੋਗਾ ਡਿਪੂ ਦੇ ਪ੍ਰਧਾਨ ਜਗਪਾਲ ਸਿੰਘ, ਦੀਦਾਰ ਸਿੰਘ ਪੱਟੀ, ਮਨਦੀਪ ਸਿੰਘ ਮਖੂ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਜੁਗਰਾਜ ਸਿੰਘ ਬੁੱਟਰ, ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ ਆਦਿ ਆਗੂ ਤੇ ਵਰਕਰ ਸਾਥੀ ਹਾਜ਼ਰ ਸਨ।

LEAVE A REPLY

Please enter your comment!
Please enter your name here