ਨਵੀਂ ਦਿੱਲੀ : ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਲੋਕ ਸਭਾ ਵਿਚ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਕੀਤੀ ਤਾਂ ਜੋ ਹਾਲ ਹੀ ‘ਚ ਮੀਂਹ ਕਾਰਨ ਬਰਬਾਦ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ | ਉਨ੍ਹਾਂ ਕੇਂਦਰੀ ਸਿਹਤ ਮੰਤਰੀ ਕੋਲੋਂ ‘ਏਮਜ਼’ ਬਠਿੰਡਾ ਦੇ ਟਰੌਮਾ ਸੈਂਟਰ ਨੂੰ 300 ਬਿਸਤਰਿਆਂ ਦਾ ਕਰਨ ਲਈ ਫੰਡ ਜਾਰੀ ਕਰਨ ਦੀ ਵੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸੰਸਥਾ ਦੇ ਐਮਰਜੈਂਸੀ ਬਲਾਕ ਵਿਚ ਸਿਰਫ 28 ਮਰੀਜ਼ਾਂ ਦੇ ਇਲਾਜ ਦਾ ਪ੍ਰਬੰਧ ਹੈ | ਉਨ੍ਹਾ ਕਿਹਾ ਕਿ ਸ਼ਹਿਰ ਵਿਚੋਂ ਤਿੰਨ ਨੈਸ਼ਨਲ ਹਾਈਵੇ ਤੇ ਦੋ ਸਟੇਟ ਹਾਈਵੇ ਲੰਘਦੇ ਹਨ, ਇਸ ਕਾਰਨ ਹਾਦਸੇ ਬਹੁਤ ਹੁੰਦੇ ਹਨ ਤੇ ਇਸ ਤੋਂ ਇਲਾਵਾ ਉਥੇ ਥਲ ਤੇ ਹਵਾਈ ਫੌਜ ਦੀਆਂ ਛਾਉਣੀਆਂ ਵੀ ਹਨ, ਏਮਜ਼ ਬਠਿੰਡਾ ਦਾ ਟਰੌਮਾ ਸੈਂਟਰ ਤੁਰੰਤ ਅਪਗ੍ਰੇਡ ਹੋਣਾ ਚਾਹੀਦਾ ਹੈ | ਉਨ੍ਹਾ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਵਿਚ ਆਪਣਾ ਫਰਜ਼ ਨਿਭਾਉਣ ਵਿਚ ਫੇਲ੍ਹ ਰਹੀ ਹੈ ਤੇ ਕਿਵੇਂ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ 300 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ | ਕਾਂਗਰਸ ਸਰਕਾਰ ਵੇਲੇ ਤੇ ਹੁਣ ਆਪ ਸਰਕਾਰ ਵੇਲੇ ਪੰਜਾਬੀ ਇਸ ਸਿਹਤ ਬੀਮਾ ਕਵਰ ਤੋਂ ਸੱਖਣੇ ਹਨ ਕਿਉਂਕਿ ਸਰਕਾਰਾਂ ਉਸ ਬੀਮਾ ਕੰਪਨੀ ਖਿਲਾਫ ਕਾਰਵਾਈ ਨਹੀਂ ਕਰ ਸਕੀਆਂ ਜੋ ਆਪਣੇ ਠੇਕੇ ਵਿਚ ਡਿਫਾਲਟਰ ਹੋਈ ਹੈ | ਉਹਨਾਂ ਨੇ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਕਿ ਦੋਵੇਂ ਸਰਕਾਰੀ ਅਧਿਕਾਰੀਆਂ ਤੇ ਬੀਮਾ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸਨੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ |