ਤਿਰੁਪਤੀ (ਗਿਆਨ ਸੈਦਪੁਰੀ)
ਭਾਰਤੀ ਨਵ-ਨਿਰਮਾਣ ਪਾਰਲੀਮੈਂਟ ਵਿੱਚ ਸਥਾਪਿਤ ਕੀਤਾ ਗਿਆ ‘ਸੇਂਗੋਲ’ ਰਾਜਸ਼ਾਹੀ ਦਾ ਚਿੰਨ੍ਹ ਹੈ।ਅਸੀਂ ਇਸ ਦਾ ਵਿਰੋਧ ਕਰਦੇ ਹਾਂ।ਅਸੀਂ ਮੰਗ ਕਰਦੇ ਹਾਂ ਕਿ ਪਾਰਲੀਮੈਂਟ ਵਿੱਚ ‘ਸੇਂਗੋਲ’ ਨੂੰ ਹਟਾ ਕੇ ਸਾਡੇ ਮਾਣ-ਮੱਤੇ ਸੰਵਿਧਾਨ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।ਮੰਗਲਵਾਰ ਨੂੰ ਇੱਥੇ ਕੁੱਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਵਿੱਚ ਬੋਲਣ ਵਾਲੇ ਬੁਲਾਰਿਆਂ ਦੇ ਵਿਚਾਰਾਂ ਵਿੱਚੋਂ ਉਕਤ ਮੁੱਦਾ ਉੱਭਰ ਕੇ ਸਾਹਮਣੇ ਆਇਆ।ਮੀਟਿੰਗ ਦੇ ਪਹਿਲੇ ਸੈਸ਼ਨ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕੁੱਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਮੀਟਿੰਗ ਦੀ ਸਫਲਤਾ ਦੀ ਕਾਮਨਾ ਕਰਦਿਆਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹਰ ਉਸ ਸੰਘਰਸ਼ ਵਿੱਚ ਸਹਿਯੋਗ ਕਰਨਗੇ ਜਿਸ ਵਿੱਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਹੋਵੇਗੀ, ਸਮੇਤ ਭਾਰਤੀ ਸੰਵਿਧਾਨ ਨੂੰ ਬਚਾਉਣ ਅਤੇ ਜਮਹੂਰੀਅਤ ਨੂੰ ਪ੍ਰਫੁੱਲਿਤ ਕਰਨ ਦੀ।ਸ਼ੁਰੂ ਵਿੱਚ ਆਂਧਰਾ ਪ੍ਰਦੇਸ਼ ਦੇ ਸਾਬਕਾ ਐੱਮ. ਐੱਲ. ਸੀ. ਕੇ. ਨਰਸਿਮ੍ਹਾ ਨੇ ਮੀਟਿੰਗ ਦੀ ਰੂਪਰੇਖਾ ਬਾਰੇ ਦੱਸਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਗਰੀਬਾਂ ਅਤੇ ਅਮੀਰਾਂ ਵਿੱਚ ਪਾੜਾ ਹੋਰ ਵੱਧ ਗਿਆ ਹੈ ਅਤੇ ਦਲਿਤਾਂ ਉਪਰ ਹੁੰਦੇ ਸਮਾਜਿਕ ਅੱਤਿਆਚਾਰਾਂ ਵਿੱਚ ਹੋਰ ਤੇਜ਼ੀ ਆਈ ਹੈ।ਇਸ ਲਈ ਇਸ ਮੀਟਿੰਗ ਵਿੱਚ ਅਹਿਦ ਕਰਨਾ ਹੈ ਕਿ ਉਕਤ ਵਰਤਾਰੇ ਨੂੰ ਖਤਮ ਕਰਨ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਾ ਹੈ।ਐੱਸ. ਵੀ. ਯੂਨੀਵਰਸਿਟੀ ਆਂਧਰਾ ਪ੍ਰਦੇਸ਼ ਦੇ ਸਾਬਕਾ ਪਿ੍ਰੰ. ਪ੍ਰੋ. ਮੁਰਲੀਧਰ ਨੇ ਆਪਣੇ ਭਰਾਤਰੀ ਸੰਦੇਸ਼ ਦੇ ਨਾਲ ਆਜ਼ਾਦੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਦੇ ਸਿਆਸੀ ਉਤਰਾਅ-ਚੜ੍ਹਾਅ ਦਾ ਵਿਸਥਾਰ ਨਾਲ ਵਰਨਣ ਕੀਤਾ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਛੱਡ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਨੇ ਵੱਡੀਆਂ ਸਿਆਸੀ ਗਲਤੀਆਂ ਕੀਤੀਆਂ, ਜਿਸ ਦਾ ਖਮਿਆਜ਼ਾ ਮੁਲਕ ਨੂੰ ਵੀ ਤੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਭੁਗਤਣਾ ਪਿਆ।ਪ੍ਰੋ. ਮੁਰਲੀਧਰ ਨੇ ਡਾ. ਅੰਬੇਡਕਰ ਵੱਲੋਂ ਦਲਿਤਾਂ ਦੇ ਭਲੇ ਹਿੱਤ ਕੀਤੇ ਕੰਮਾਂ ਨੂੰ ਵੀ ਬਿਆਨ ਕੀਤਾ।ਸੀਪੀਆਈ (ਐੱਮ) ਦੇ ਆਂਧਰਾ ਰਾਜ ਦੇ ਸਕੱਤਰੇਤ ਮੈਂਬਰ ਜੀ. ਉਬਲੇਸ਼, ਪ੍ਰਦੇਸ਼ ਕਾਂਗਰਸ ਆਗੂ ਐੱਮ. ਗੋਪਾਲ ਰੈੱਡੀ, ਸੀਪੀਆਈ (ਐੱਮ) ਦੇ ਜ਼ਿਲ੍ਹਾ (ਚਿਤੂਰ) ਸਕੱਤਰ ਕਾਮਰੇਡ ਨਾਗਰਾਜ ਅਤੇ ਦਲਿਤ ਰਾਈਟਸ ਮੂਵਮੈਂਟ ਆਂਧਰਾ ਪ੍ਰਦੇਸ਼ ਦੇ ਜਨਰਲ ਸਕੱਤਰ ਕਾਮਰੇਡ ਸੁੱਬਾ ਰਾਓ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਰਾਮਾ ਮੂਰਤੀ ਪੱਡੂਚਰੀ, ਕਾਮਰੇਡ ਵੀ. ਐੱਸ. ਨਿਰਮਲ, ਕਾਮਰੇਡ ਜਾਨਕੀ ਪਾਸਵਾਨ( ਬਿਹਾਰ), ਕਾਮਰੇਡ ਅਨਿਲ ਕੁਮਾਰ ਤਿਲੰਗਾਨਾ, ਡਾ. ਮਹੇਸ਼ ਕਰਨਾਟਕਾ, ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਤੇ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਆਦਿ ਸ਼ਾਮਿਲ ਸਨ ।