ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ’ਚ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ’ਚ ਗੈਰ-ਕੁਦਰਤੀ ਮੌਤ ਦੀ ਐਫ ਆਈ ਆਰ ਦਰਜ ਕਰਨ ’ਚ ਕੋਲਕਾਤਾ ਪੁਲਸ ਵੱਲੋਂ ਕੀਤੀ ਦੇਰੀ ਨੂੰ ‘ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਕਾਰਾ’ ਕਰਾਰ ਦਿੱਤਾ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਪੁਲਸ ਵੱਲੋਂ ਕਰਵਾਈਆਂ ਗਈਆਂ ਕਾਨੂੰਨੀ ਰਸਮਾਂ ਦੀ ਤਰਤੀਬ ਅਤੇ ਸਮੇਂ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ 9 ਅਗਸਤ ਨੂੰ ਗੈਰ-ਕੁਦਰਤੀ ਮੌਤ ਦੇ ਤੌਰ ’ਤੇ ਕੇਸ ਦਰਜ ਕਰਨ ਤੋਂ ਪਹਿਲਾਂ ਸ਼ਾਮ 6.10 ਤੋਂ 7.10 ਵਜੇ ਤੱਕ ਮਿ੍ਰਤਕ ਦਾ ਪੋਸਟਮਾਰਟਮ ਕੀਤਾ ਗਿਆ। ਬੈਂਚ ਨੇ ਕਿਹਾ ਕਿ ਪੁਲਸ ਦੇ ਇਸ ਕਾਰੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਸ ਨੇ ਐੱਫ ਆਈ ਆਰ ਦਰਜ ਕਰਨ ਵਾਲੇ ਕੋਲਕਾਤਾ ਪੁਲਸ ਦੇ ਅਧਿਕਾਰੀ ਨੂੰ ਅਗਲੀ ਸੁਣਵਾਈ ਸਮੇਂ ਪੇਸ਼ ਹੋਣ ਅਤੇ ਐੱਫ ਆਈ ਆਰ ਦੇ ਸਮੇਂ ਦਾ ਖੁਲਾਸਾ ਕਰਨ ਲਈ ਕਿਹਾ ਹੈ।
ਬੈਂਚ ਨੇ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਮੁੜ ਕੰਮ ਸ਼ੁਰੂ ਕਰਨ ਲਈ ਕਿਹਾ। ਅਦਾਲਤ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦੁਬਾਰਾ ਜੁਆਇਨ ਕਰਨ ’ਤੇ ਕੋਈ ਬਦਲਾਲਊ ਕਾਰਵਾਈ ਨਹੀਂ ਕੀਤੀ ਜਾਵੇਗੀ। ਬੈਂਚ ਨੂੰ ਏਮਜ਼ ਨਾਗਪੁਰ ਦੇ ਰੈਜ਼ੀਡੈਂਟ ਡਾਕਟਰਾਂ ਦੇ ਵਕੀਲ ਨੇ ਦੱਸਿਆ ਕਿ ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ’ਤੇ ਬੈਂਚ ਵਿਚ ਸ਼ਾਮਲ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਨੇ ਕਿਹਾ-ਇੱਕ ਵਾਰ ਜਦੋਂ ਉਹ ਡਿਊਟੀ ’ਤੇ ਪਰਤ ਜਾਣਗੇ ਤਾਂ ਅਸੀਂ ਅਧਿਕਾਰੀਆਂ ’ਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਦਬਾਅ ਪਾਵਾਂਗੇ। ਜੇ ਡਾਕਟਰ ਕੰਮ ਨਹੀਂ ਕਰਨਗੇ ਤਾਂ ਜਨਤਕ ਸਿਹਤ ਬੁਨਿਆਦੀ ਢਾਂਚਾ ਕਿਵੇਂ ਚੱਲੇਗਾ। ਜੇ ਉਸ ਤੋਂ ਬਾਅਦ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਕੋਲ ਆਓ, ਪਰ ਪਹਿਲਾਂ ਕੰਮ ’ਤੇ ਪਰਤੋ।