ਏਅਰ ਇੰਡੀਆ ਨੂੰ 90 ਲੱਖ ਠੋਕੇ

0
122

ਨਵੀਂ ਦਿੱਲੀ : ਹਵਾਬਾਜ਼ੀ ਰੈਗੂਲੇਟਰੀ ਡੀ ਜੀ ਸੀ ਏ ਨੇ ਨਾਕਾਬਲ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ ’ਤੇ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਕੁਤਾਹੀ ਲਈ ਏਅਰ ਇੰਡੀਆ ਦੇ ਸੰਚਾਲਨ ਨਿਰਦੇਸ਼ਕ ਅਤੇ ਸਿਖਲਾਈ ਨਿਰਦੇਸ਼ਕ ’ਤੇ ਕ੍ਰਮਵਾਰ 6 ਲੱਖ ਰੁਪਏ ਅਤੇ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਰਾਜਪਾਲ ਨੂੰ ਹਸਪਤਾਲੋਂ ਛੁੱਟੀ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਵੀਰਵਾਰ ਦੇਰ ਰਾਤ ਉਦੈਪੁਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੁਝ ਟੈਸਟਾਂ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਗ੍ਰਹਿ ਸ਼ਹਿਰ ਉਦੈਪੁਰ ’ਚ ਹਨ।
40 ਵਿਦਿਆਰਥੀ ਜ਼ਖਮੀ
ਬਾਰਾਬੰਕੀ (ਯੂਪੀ) : ਜਹਾਂਗੀਰਾਬਾਦ ਥਾਣਾ ਖੇਤਰ ’ਚ ਅਵਧ ਅਕੈਡਮੀ ਦੇ ਨਾਂਅ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ’ਚ ਸ਼ੁੱਕਰਵਾਰ ਸਵੇਰੇ ਪਹਿਲੀ ਮੰਜ਼ਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖਮੀ ਹੋ ਗਏ। ਪੰਜ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਇੱਥੇ ਪ੍ਰੀਖਿਆ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ’ਤੇ ਇਕੱਠੇ ਹੋ ਗਏ ਤੇ ਦਬਾਅ ਕਾਰਨ ਛੱਜਾ ਡਿੱਗ ਗਿਆ। ਸਕੂਲ ਦੀ ਮਾਨਤਾ 10ਵੀਂ ਜਮਾਤ ਤੱਕ ਹੈ ਪਰ 12ਵੀਂ ਜਮਾਤ ਤੱਕ ਚੱਲ ਰਿਹਾ ਹੈ।
ਬੱਸ ਨਦੀ ’ਚ ਡਿੱਗੀ, 14 ਮੌਤਾਂ
ਕਾਠਮੰਡੂ : ਸ਼ੁੱਕਰਵਾਰ ਮੱਧ ਨੇਪਾਲ ’ਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ’ਚ ਡਿੱਗਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਬੱਸ ਯੂ ਪੀ ਦੇ ਨੰਬਰ ਵਾਲੀ ਸੀ ਤੇ ਪੋਖਰਾ ਤੋਂ ਕਾਠਮੰਡੂ ਆ ਰਹੀ ਸੀ।
ਛੱਤ ਹੇਠ ਆ ਕੇ 5 ਮਜ਼ਦੂਰਾਂ ਦੀ ਮੌਤ
ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ ਰਿਜ਼ਾਰਟ ਦੇ ਨਿਰਮਾਣ ਅਧੀਨ ਕਮਰਿਆਂ ਦੇ ਮਲਬੇ ਹੇਠ ਦੱਬੇ ਜਾਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲ ਹੀ ’ਚ ਇੱਥੋਂ ਕਰੀਬ 40 ਕਿਲੋਮੀਟਰ ਦੂਰ ਚੋਰਾਲ ਇਲਾਕੇ ’ਚ ਰਿਜ਼ਾਰਟ ’ਚ ਕਮਰਿਆਂ ਦੀ ਛੱਤ ਪਾਉਣ ਤੋਂ ਬਾਅਦ ਇਹ ਮਜ਼ਦੂਰ ਹੇਠਾਂ ਸੌਂ ਗਏ ਸਨ। ਸ਼ੁੱਕਰਵਾਰ ਸਵੇਰੇ ਚੌਕੀਦਾਰ ਮੌਕੇ ’ਤੇ ਪਹੁੰਚਿਆ ਤਾਂ ਹਾਦਸੇ ਦਾ ਪਤਾ ਲੱਗਾ।

LEAVE A REPLY

Please enter your comment!
Please enter your name here