ਚੰਡੀਗੜ੍ਹ : ਭਾਜਪਾ ਦੀ ਹਰਿਆਣਾ ਇਕਾਈ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪਹਿਲੀ ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਚੋਣਾਂ ਦੀ ਤਰੀਕ ਤੋਂ ਪਹਿਲਾਂ ਅਤੇ ਬਾਅਦ ਦੀਆਂ ਛੁੱਟੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਵੋਟਿੰਗ ਪ੍ਰਤੀਸ਼ਤ ਘਟ ਸਕਦੀ ਹੈ। ਭਾਜਪਾ ਦੀ ਸੂਬਾਈ ਚੋਣ ਪ੍ਰਬੰਧਨ ਕਮੇਟੀ ਦੇ ਮੈਂਬਰ ਵਰਿੰਦਰ ਗਰਗ ਨੇ ਕਿਹਾਸਾਡੀ ਦਲੀਲ ਹੈ ਕਿ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੀ ਤਰੀਕ ਤੋਂ ਪਹਿਲਾਂ ਛੁੱਟੀ ਹੈ ਅਤੇ ਉਸ ਤੋਂ ਬਾਅਦ ਕੁਝ ਛੁੱਟੀਆਂ ਹਨ, ਜਿਸ ਕਾਰਨ ਵੋਟਿੰਗ ਪ੍ਰਤੀਸ਼ਤ ਪ੍ਰਭਾਵਤ ਹੋ ਸਕਦੀ ਹੈ। ਲੋਕ ਜ਼ਿਆਦਾ ਛੁੱਟੀਆਂ ਕਾਰਨ ਬਾਹਰ ਘੁੰਮਣ ਚਲੇ ਜਾਂਦੇ ਹਨ।
ਹਰਿਆਣਾ ਦੇ ਮੁਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਉਨ੍ਹਾ ਨੂੰ ਭਾਜਪਾ ਦਾ ਪੱਤਰ ਮਿਲਿਆ ਹੈ ਤੇ ਉਨ੍ਹਾ ਫੈਸਲਾ ਲੈਣ ਲਈ ਚੋਣ ਕਮਿਸ਼ਨ ਨੂੰ ਘੱਲ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਦੋਲੀ ਨੇ ਚੋਣ ਕਮਿਸ਼ਨ ਨੂੰ ਘੱਲੇ ਪੱਤਰ ਵਿਚ ਕਿਹਾ ਹੈ ਕਿ 28 ਸਤੰਬਰ ਨੂੰ ਸ਼ਨੀਵਾਰ ਤੇ 29 ਸਤੰਬਰ ਨੂੰ ਐਤਵਾਰ ਹੈ। ਪਹਿਲੀ ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਉਸ ਦਿਨ ਸਰਕਾਰੀ ਤੇ ਨਿਜੀ ਅਦਾਰੇ ਬੰਦ ਰਹਿਣਗੇ। ਦੋ ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਹੈ। 28 ਸਤੰਬਰ ਤੋਂ ਦੋ ਅਕਤੂਬਰ ਤਕ ਕਈ ਛੁੱਟੀਆਂ ਹੋਣ ਕਰਕੇ ਲੋਕ ਘੁੰਮਣ-ਫਿਰਨ ਚਲੇ ਜਾਣਗੇ। ਹਰਿਆਣਾ ਵਿਚ ਬਿਸ਼ਨੋਈ ਭਾਈਚਾਰੇ ਦੀਆਂ ਚੋਖੀਆਂ ਵੋਟਾਂ ਹਨ। ਇਕ ਅਕਤੂਬਰ ਨੂੰ ਰਾਜਸਥਾਨ ਦੇ ਪਿੰਡ ਮੁਕਾਮ ਲਈ ਉਨ੍ਹਾਂ ਦੀ ਸਲਾਨਾ ਯਾਤਰਾ ਹੁੰਦੀ ਹੈ। ਉਨ੍ਹਾਂ ਨੇ ਉਧਰ ਚਲੇ ਜਾਣਾ ਹੈ। ਭਾਜਪਾ ਆਗੂ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਵੋਟਾਂ ਦੀ ਤਰੀਕ ਬਦਲਣ ਬਾਰੇ ਸੋਚੇ। ਪਹਿਲਾਂ ਵੀ ਅਜਿਹਾ ਕੀਤਾ ਗਿਆ ਹੈ। ਉਨ੍ਹਾ ਪੰਜਾਬ ਦੀ ਮਿਸਾਲ ਦਿੰਦਿਆਂ ਕਿਹਾ ਹੈ ਕਿ ਪੰਜਾਬ ਅਸੰਬਲੀ ਚੋਣਾਂ 14 ਫਰਵਰੀ 2022 ਦੀ ਥਾਂ 20 ਫਰਵਰੀ 2022 ਨੂੰ ਕਰਾਈਆਂ ਗਈਆਂ ਸਨ ਕਿਉਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਸੀ।
ਕਾਂਗਰਸ ਨੇ ਕਿਹਾ ਹੈ ਕਿ ਹਾਰ ਤੋਂ ਡਰਦੀ ਭਾਜਪਾ ਚੋਣਾਂ ਅਗੇ ਪੁਆਉਣਾ ਚਾਹੁੰਦੀ ਹੈ। ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਘਬਰਾਈ ਹੋਈ ਹੈ। ਵੋਟਰਾਂ ਦਾ ਸਾਹਮਣਾ ਕਰਨ ਦੀ ਥਾਂ ਉਹ ਬਚਕਾਨਾ ਦਲੀਲਾਂ ਦੇ ਰਹੀ ਹੈ। ਉਸ ਕੋਲ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਦੇ ਨਾਂ ’ਤੇ ਦੱਸਣ ਲਈ ਕੁਝ ਨਹੀਂ। ਹਰਿਆਣਾ ਦੇ ਵੋਟਰ ਚੌਕਸ ਹਨ। ਉਹ ਛੁੱਟੀਆਂ ’ਚ ਕਿਤੇ ਨਹੀਂ ਜਾਣਗੇ ਤੇ ਭਾਜਪਾ ਨੂੰ ਹਰਾਉਣ ਲਈ ਵੱਡੀ ਗਿਣਤੀ ਵਿਚ ਪੋਲਿੰਗ ਬੂਥਾਂ ’ਤੇ ਪੁੱਜਣਗੇ।

