ਕੰਗਣਾ ਦੇ ਬਿਆਨ ’ਤੇ ਹਿਮਾਚਲ ਅਸੰਬਲੀ ’ਚ ਹੰਗਾਮਾ

0
175

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਮੰਗਲਵਾਰ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਵੱਲੋਂ ਕਿਸਾਨ ਅੰਦੋਲਨ ਬਾਰੇ ਕਥਿਤ ਟਿੱਪਣੀ ਕਾਰਨ ਪਏ ਰੌਲੇ-ਰੱਪੇ ਨਾਲ ਹੋਈ। ਇਸ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਨੂੰਨ ਤੇ ਵਿਵਸਥਾ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਹੰਗਾਮੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਹਰਸ਼ਵਰਧਨ ਚੌਹਾਨ ਨੇ ਕੰਗਣਾ ਦੀ ਟਿੱਪਣੀ ਦੀ ਨਿੰਦਾ ਕਰਨ ਵਾਲਾ ਮਤਾ ਪੇਸ਼ ਕਰਦਿਆਂ ਕਿਹਾ-ਕੰਗਣਾ ਦੀ ਟਿੱਪਣੀ ਪੂਰੇ ਦੇਸ਼ ਦੇ ਕਿਸਾਨਾਂ ਦਾ ਅਪਮਾਨ ਹੈ। ਵਿਰੋਧੀ ਧਿਰ ਸਦਨ ਤੋਂ ਬਾਹਰ ਹੋ ਗਈ ਹੈ, ਪਰ ਅਸੀਂ ਇਸ ਮੁੱਦੇ ’ਤੇ ਭਾਜਪਾ ਦਾ ਸਟੈਂਡ ਜਾਨਣਾ ਚਾਹੁੰਦੇ ਹਾਂ। ਕਿਸਾਨਾਂ ਨੂੰ ਬਲਾਤਕਾਰੀ ਅਤੇ ਅੱਤਵਾਦੀ ਕਹਿਣਾ ਮੰਦਭਾਗਾ ਹੈ। ਸਦਨ ਨੂੰ ਇਸ ’ਤੇ ਬਹਿਸ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਵਿਰੁੱਧ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਨਿੰਦਾ ਕਰਨੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਵਾਕਆਊਟ ਤੋਂ ਬਾਅਦ ਸਦਨ ’ਚ ਉਸ ਦੀ ਵਾਪਸੀ ਮਗਰੋਂ ਹਰਸ਼ਵਰਧਨ ਨੇ ਕੰਗਣਾ ਦੀ ਟਿੱਪਣੀ ’ਤੇ ਭਾਜਪਾ ਦਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਵਿਰੋਧੀ ਧਿਰ ਦੇ ਨੇਤਾ ਠਾਕੁਰ ਨੇ ਕਿਹਾ-ਸਾਡੀ ਪਾਰਟੀ ਪਹਿਲਾਂ ਹੀ ਇਸ ਦੀ ਨਿੰਦਾ ਕਰ ਚੁੱਕੀ ਹੈ। ਇਸ ਲਈ ਇਸ ਨੂੰ ਸਦਨ ’ਚ ਨਹੀਂ ਉਠਾਉਣਾ ਚਾਹੀਦਾ। ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।

LEAVE A REPLY

Please enter your comment!
Please enter your name here