ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ 13 ਸਾਲਾ ਮੁੰਡੇ ਨੇ ਆਪਣੀ ਮਾਂ ’ਤੇ ਦਾਤੀ ਨਾਲ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਅੱਠਵੀਂ ਦੇ ਵਿਦਿਆਰਥੀ ਨੇ ਐੱਫ ਆਈ ਆਰ ਦਰਜ ਕਰਵਾਈ ਹੈ ਕਿ 25 ਅਗਸਤ (ਐਤਵਾਰ) ਨੂੰ ਉਸ ਦੀ ਮਾਂ ਨੇ ਉਸ ’ਤੇ ਦਾਤੀ ਨਾਲ ਉਦੋਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਸਕੂਲ ਤੋਂ ਆਉਣ ਵਾਲੇ ਮੈਸੇਜ ਦੇਖਣ ਲਈ ਮਾਂ ਦਾ ਫੋਨ ਦੇਖ ਰਿਹਾ ਸੀ। ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਸ ਨੇ ਉਸ ਦੇ ਮੋਬਾਈਲ ਨੂੰ ਕਿਉਂ ਹੱਥ ਲਾਇਆ। ਮੁੰਡੇ ਨੇ ਇਹ ਵੀ ਦੋਸ਼ ਲਾਇਆ ਹੈ ਕਿ ਲੜਾਈ ਦੌਰਾਨ ਮਾਂ ਨੇ ਨੇੜੇ ਪਈ ਦਾਤੀ ਚੁੱਕ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੇ ਖੱਬੇ ਹੱਥ ’ਤੇ ਸੱਟ ਲੱਗ ਗਈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਤਹਿਤ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਚੇ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਇਸ ਵੇਲੇ ਬੱਚਾ ਦਾਦਾ-ਦਾਦੀ ਕੋਲ ਰਹਿ ਰਿਹਾ ਹੈ ਤੇ ਪੁਲਸ ਨੇ ਫਿਲਹਾਲ ਕਿਸੇ ਨੂੰ ਗਿ੍ਰਫਤਾਰ ਨਹੀਂ ਕੀਤਾ।




