ਡੈਮ ’ਚ ਡਿੱਗਿਆ ਜਹਾਜ਼ ਲੱਭਾ

0
194

ਜਮਸ਼ੇਦਪੁਰ : ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਚਾਂਡਿਲ ਡੈਮ ਤੋਂ ਦੋ ਸੀਟਾਂ ਵਾਲੇ ਜਹਾਜ਼ ਦਾ ਮਲਬਾ ਬਾਹਰ ਕੱਢ ਲਿਆ ਹੈ। ਇਹ ਜਹਾਜ਼ 20 ਅਗਸਤ ਨੂੰ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਵੀਰਵਾਰ ਪਾਇਲਟ ਕੈਪਟਨ ਜੀਤ ਸ਼ਤਰੂ ਅਤੇ ਟਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਭਾਰਤੀ ਜਲ ਸੈਨਾ ਦੀ ਟੀਮ ਨੇ ਐਤਵਾਰ ‘ਸੇਸਨਾ-152’ ਜਹਾਜ਼ ਦਾ ਪਤਾ ਲਗਾਉਣ ਤੋਂ ਬਾਅਦ ਸੋਮਵਾਰ ਸਵੇਰੇ 10 ਵਜੇ ਚਾਂਡਿਲ ਡੈਮ ’ਚ ਤਲਾਸੀ ਮੁਹਿੰਮ ਸ਼ੁਰੂ ਕੀਤੀ। ਜਵਾਨਾਂ ਨੇ ਸੋਮਵਾਰ ਰਾਤ ਨੂੰ ਡੈਮ ’ਚ 15-18 ਮੀਟਰ ਦੀ ਡੂੰਘਾਈ ਤੋਂ ਗੁਬਾਰਿਆਂ ਦੀ ਮਦਦ ਨਾਲ ਜਹਾਜ਼ ਦੇ ਮਲਬੇ ਨੂੰ ਬਾਹਰ ਕੱਢਿਆ।
ਭੁੱਖ ਹੜਤਾਲ ਖਤਮ
ਨਵੀਂ ਦਿੱਲੀ : ਇੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ 17 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੰਗਲਵਾਰ ਸਵੇਰੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਯੂਨੀਅਨ ਮੁਤਾਬਕ ਜੇ ਐੱਨ ਯੂ ਪ੍ਰਸ਼ਾਸਨ ਨੇ ਕਈ ਮੁੱਖ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਹੈ।
ਧਾਲੀਵਾਲ ਨੇ ਅੰਡੇਮਾਨ-ਨਿਕੋਬਾਰ ਦੇ ਡੀ ਜੀ ਪੀ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ : ਹਰਗੋਬਿੰਦਰ ਸਿੰਘ ਧਾਲੀਵਾਲ ਨੇ ਮੰਗਲਵਾਰ ਆਪਣੇ ਜਨਮ ਦਿਨ ਵਾਲੇ ਦਿਨ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀ ਜੀ ਪੀ ਦਾ ਅਹੁਦਾ ਸੰਭਾਲ ਲਿਆ। ਮੋਗਾ ਦੇ ਪਿੰਡ ਜਫਰਨਾਮਾ ਦੇ ਰਹਿਣ ਵਾਲੇ ਧਾਲੀਵਾਲ ਨੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀ ਮਾਰਨ ਵਾਲੇ ਗਰੋਹ ਨੂੰ ਗਿ੍ਰਫਤਾਰ ਕੀਤਾ ਸੀ। ਧਾਲੀਵਾਲ ਦੀ ਅਗਵਾਈ ਹੇਠ ਦਿੱਲੀ ਦੀਆਂ ਪੁਲਸ ਟੀਮਾਂ ਨੇ ਮੂਸੇਵਾਲਾ ਕੇਸ ਦੇ ਛੇ ਸ਼ੂਟਰਾਂ ਵਿੱਚੋਂ ਤਿੰਨ ਨੂੰ ਗਿ੍ਰਫਤਾਰ ਕੀਤਾ ਸੀ। ਨੇਪਾਲ ਸਰਹੱਦ ਦੇ ਨੇੜੇ ਚੌਥੇ ਸ਼ੂਟਰ ਦੀਪਕ ਮੁੰਡੀ ਨੂੰ ਲੱਭਣ ’ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਧਾਲੀਵਾਲ ਚੰਡੀਗੜ੍ਹ ਦੇ ਐੱਸ ਪੀ (ਅਪ੍ਰੇਸ਼ਨਜ਼) ਵੀ ਰਹੇ।
ਭਾਜਪਾ ’ਚ ਜਾਵਾਂਗਾ : ਚੰਪਈ
ਨਵੀਂ ਦਿੱਲੀ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਜੇ ਐੱਮ ਐੱਮ ਨੇਤਾ ਚੰਪਾਈ ਸੋਰੇਨ ਨੇ ਕਿਆਸਅਰਾਈਆਂ ਖਤਮ ਕਰਦਿਆਂ ਐਲਾਨਿਆ ਹੈ ਕਿ ਉਹ 30 ਅਗਸਤ ਨੂੰ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾ ਕਿਹਾ-ਪਹਿਲਾਂ ਮੈਂ ਸੋਚਿਆ ਸੀ ਕਿ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ, ਪਰ ਫਿਰ ਲੋਕਾਂ ਦੇ ਸਮਰਥਨ ਕਾਰਨ ਮੈਂ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ। ਮੈਂ ਆਪਣੀ ਪਾਰਟੀ ਬਣਾਉਣ ਬਾਰੇ ਵੀ ਸੋਚਿਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਦੌਲਤ ਮੈਂ ਹੁਣ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਉਮਰ ਗੰਦਰਬਲ ਤੋਂ ਲੜਨਗੇ
ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣ ਗੰਦਰਬਲ ਹਲਕੇ ਤੋਂ ਲੜਨਗੇ। ਪਹਿਲਾਂ ਉਨ੍ਹਾ ਚੋਣ ਨਾ ਲੜਨ ਦੀ ਸਹੁੰ ਖਾਧੀ ਸੀ।
ਹਰਮਨਪ੍ਰੀਤ ਦੇ ਹੱਥ ਵਾਗਡੋਰ
ਨਵੀਂ ਦਿੱਲੀ : ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ 3 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ ’ਚ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਮੰਗਲਵਾਰ ਐਲਾਨੀ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਟੂਰਨਾਮੈਂਟ ਦੀ ਮੇਜ਼ਬਾਨੀ ਪਹਿਲਾਂ ਬੰਗਲਾਦੇਸ਼ ਨੇ ਕਰਨੀ ਸੀ ਪਰ ਉੱਥੇ ਅਸ਼ਾਂਤੀ ਦੇ ਕਾਰਨ ਇਸ ਨੂੰ ਸੰਯੁਕਤ ਅਰਬ ਅਮੀਰਾਤ ਤਬਦੀਲ ਕਰ ਦਿੱਤਾ ਗਿਆ।
ਏਅਰ ਇੰਡੀਆ ਪੰਜਾਬੀ ਵੀ ਸੁਣੇਗੀ
ਮੁੰਬਈ : ਏਅਰ ਇੰਡੀਆ ਨੇ ਮੰਗਲਵਾਰ ਕਿਹਾ ਕਿ ਉਸ ਨੇ ਮੌਜੂਦਾ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਮਰਾਠੀ, ਪੰਜਾਬੀ, ਤਾਮਿਲ ਅਤੇ ਮਲਿਆਲਮ ਸਮੇਤ ਸੱਤ ਨਵੀਂਆਂ ਭਾਸ਼ਾਵਾਂ ਨੂੰ ਆਪਣੇ ਆਈ ਵੀ ਆਰ ਸਿਸਟਮ ’ਚ ਸ਼ਾਮਲ ਕਰਕੇ ਗਾਹਕ ਸਹਾਇਤਾ ਸੇਵਾਵਾਂ ’ਚ ਵਾਧਾ ਕੀਤਾ ਹੈ। ਆਈ ਵੀ ਆਰ (ਇੰਟਰਐਕਟਿਵ ਵਾਇਸ ਰਿਸਪਾਂਸ) ਸਿਸਟਮ ਹੁਣ ਗਾਹਕਾਂ ਦੇ ਮੋਬਾਇਲ ਨੈੱਟਵਰਕ ਦੇ ਅਧਾਰ ’ਤੇ ਗਾਹਕ ਦੀ ਭਾਸ਼ਾ ਦੀ ਤਰਜੀਹ ਨੂੰ ਆਪਣੇ ਆਪ ਪਛਾਣ ਲਵੇਗਾ। ਏਅਰਲਾਈਨ ਦੀਆਂ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਵਿਚ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਅਤੇ ਤੇਲਗੂ ਦੀਆਂ ਸੱਤ ਭਾਸ਼ਾਵਾਂ ਹਨ। ਏਅਰ ਇੰਡੀਆ ਦੇ ਗਾਹਕਾਂ ਲਈ ਭਾਰਤੀ ਭਾਸ਼ਾਵਾਂ ’ਚ ਵਿਸ਼ੇਸ਼ ਸਹਾਇਤਾ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਉਪਲੱਬਧ ਹੋਵੇਗੀ।

LEAVE A REPLY

Please enter your comment!
Please enter your name here