ਜ਼ੋਰਦਾਰ ਸਿਆਸੀ ਝਟਕੇ ਦੇ ਬਾਵਜੂਦ ਭਾਜਪਾ ਨੇ ਖਤਰਨਾਕ ਇਰਾਦੇ ਤਿਆਗੇ ਨਹੀਂ : ਬਰਾੜ

0
173

ਸ਼ਾਹਕੋਟ, (ਗਿਆਨ ਸੈਦਪੁਰੀ)-‘ਲੰਘੀਆਂ ਲੋਕ ਸੰਭਾਵੀ ਚੋਣਾਂ ਵਿੱਚ ਬਣੇ ‘ਇੰਡੀਆ ਗੱਠਜੋੜ’, ਜਿਸ ਵਿੱਚ ਕਮਿਊਨਿਸਟ ਪਾਰਟੀਆਂ ਦੀ ਅਹਿਮ ਭੂਮਿਕਾ ਰਹੀ, ਵੱਲੋਂ ਵਿਖਾਈ ਚੰਗੀ ਕਾਰਗੁਜ਼ਾਰੀ ਕਾਰਨ ਦੇਸ਼ ਵਿੱਚ ਤਾਨਾਸ਼ਾਹੀ ਨੂੰ ਅੱਗੇ ਵਧਣ ਤੋਂ ਤਾਂ ਬੇਸ਼ੱਕ ਰੋਕ ਦਿੱਤਾ ਗਿਆ, ਪਰ ਭਾਜਪਾ ਦਾ ਨਾ ਤਾਂ ਫਿਰਕੂ ਡੰਗ ਮੱਠਾ ਪਿਆ ਹੈ ਤੇ ਨਾ ਹੀ ਉਹ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਰਿਝਾਉਣ ਤੋਂ ਪਿੱਛੇ ਹਟੀ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਪਾਰਟੀ ਦਫ਼ਤਰ ਜਲੰਧਰ ਵਿੱਚ ਜ਼ਿਲ੍ਹੇ ਦੀ ਕਾਰਜਕਾਰਨੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ 9-10 ਅਗਸਤ ਨੂੰ ਸੀ ਪੀ ਆਈ ਦੀ ਸੂਬਾ ਕੌਂਸਲ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਹੋਏ ਵਿਚਾਰ-ਵਟਾਂਦਰੇ ਅਤੇ ਲਏ ਗਏ ਫੈਸਲਿਆ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਆਪਣੇ ਬਲਬੂਤੇ ’ਤੇ ਸੱਤਾ ’ਤੇ ਕਾਬਜ਼ ਹੋਣ ਵਿੱਚ ਸਫਲ ਹੋ ਜਾਂਦੀ ਤਾਂ ਮੁਲਕ ਵਿੱਚ ਅਰਾਜਕਤਾ ਦਾ ਫੈਲਾਅ ਹੋ ਜਾਣਾ ਸੀ। ਸਾਥੀ ਬਰਾੜ ਨੇ ਕਿਹਾ ਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੀਆਂ ‘ਫੌੜ੍ਹੀਆਂ’ ਦੇ ਸਹਾਰੇ ਸੱਤਾ ਦੀ ‘ਪੌੜੀ’ ਤੱਕ ਪਹੁੰਚੀ ਭਾਜਪਾ ਨੇ ਆਪਣੇ ਖਤਰਨਾਕ ਇਰਾਦਿਆਂ ਦਾ ਤਿਆਗ ਨਹੀ ਕੀਤਾ।
ਸੂਬਾ ਸਕੱਤਰ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸੰਵਿਧਾਨ ਨੂੰ ਬਦਲ ਦੇਣ ਅਤੇ ਹਿੰਦੂਤਵ ਦੇ ਐਲਾਨਾਂ, ਬਿਆਨਾਂ ਨੂੰ ਦੇਸ਼ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲ ਰਹੀ ਭਾਜਪਾ ਨੇ ਫਿਰਕੂ ਧਰੁਵੀਕਰਨ ਅਤੇ ਪੂੰਜੀਪਤੀ ਪੱਖੀ ਨੀਤੀਆਂ ਦੇ ਸਿਲਸਿਲੇ ਨੂੰ ਜਾਰੀ ਰੱਖਿਆ ਹੋਇਆ ਹੈ। ਇਸੇ ਤਹਿਤ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਾਗੂ ਕਰਕੇ ਪੁਲਸੀਆ ਰਾਜ ਕਾਇਮ ਕਰਨ ਵੱਲ ਕਦਮ ਪੁੱਟਿਆ ਹੈ। ਮੁਸਲਮਾਨ ਅਤੇ ਦਲਿਤ ਤਾਂ ਹਮੇਸ਼ਾ ਭਾਜਪਾ ਦੇ ਨਿਸ਼ਾਨੇ ’ਤੇ ਰਹੇ ਹਨ, ਹੁਣ ਬਾਕੀ ਘੱਟ ਗਿਣਤੀਆਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਵਕਫ ਬੋਰਡ ਨੂੰ ਬਦਲਣ ਲਈ ਸਰਕਾਰ ਕਾਹਲੀ ਪਈ ਹੋਈ ਹੈ। ਕਿਹਾ ਇਹ ਜਾ ਰਿਹਾ ਹੈ ਕਿ ਬੋਰਡ ਵਿੱਚ ਗੈਰ-ਮੁਸਲਿਮ ਵੀ ਸ਼ਾਮਿਲ ਕਰਨੇ ਹਨ।
ਉਹਨਾ ਕਿਹਾ ਕਿ ਦੇਸ਼ ਵਿੱਚ ਵਿਰੋਧੀ ਧਿਰ ਤਾਕਤਵਰ ਹੋਈ ਹੈ, ਜੋ ਸਿਹਤਮੰਦ ਰੁਝਾਨ ਹੈ। ਉਹਨਾ ਕਿਹਾ ਕਿ ਕਾਂਗਰਸੀਆਂ ਦਾ ਵਿਹਾਰ ਨਹਿਰੂ ਵੇਲੇ ਦੀ ਕਾਂਗਰਸ ਵਾਲਾ ਤਾਂ ਨਹੀਂ, ਪਰ ਰਾਹੁਲ ਗਾਂਧੀ ਠੀਕ ਸੇਧ ਵੱਲ ਵਧ ਰਿਹਾ ਹੈ, ਉਹ ਖੱਬੀਆਂ ਧਿਰਾਂ ਦਾ ਸਲੋਗਨ ਵੀ ਲੈ ਰਿਹਾ ਹੈ।
ਸੂਬਾ ਸਕੱਤਰ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਾਰਟੀ ਦੀ ਤਾਕਤ ਵਿੱਚ ਆਈ ਕਮਜ਼ੋਰੀ ਨੂੰ ਦੂਰ ਕੀਤਾ ਜਾਵੇਗਾ। ਪਾਰਟੀ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਮਾਰਕਸਵਾਦ- ਲੈਨਿਨਵਾਦ ਦੀ ਸਿਧਾਂਤਕ ਸਿੱਖਿਆ ਪਾਰਟੀ ਸਕੂਲਾਂ ਰਾਹੀਂ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਸੂਬਾ ਕੌਂਸਲ ਨੇ ਫੈਸਲਾ ਕੀਤਾ ਹੈ ਕਿ ਅਗਸਤ ਤੋਂ ਲੈ ਕੇ ਦਸੰਬਰ ਦੇ ਆਰੰਭ ਤੱਕ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਇਹਨਾਂ ਮੁੱਦਿਆਂ ਵਿੱਚ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਗੰਭੀਰ ਸਥਿਤੀ, ਲੱਕ ਤੋੜਵੀਂ ਮਹਿੰਗਾਈ, ਬੇਰੁਜ਼ਗਾਰੀ, ਵਿਦਿਆ, ਸਿਹਤ ਸੇਵਾਵਾਂ, ਹੈੱਡ ਵਰਕਸ ਦੀ ਮਾਲਕੀ ਪੰਜਾਬ ਨੂੰ ਦੇਣ, ਸਨਅਤੀ ਸਹੂਲਤਾਂ ਵਿੱਚ ਵਿਤਕਰਾ, ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਅਤੇ ਘੱਟੋ-ਘੱਟ ਸਮਰਥਨ ਮੁੱਲ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫ਼ੀ, ਮਨਰੇਗਾ ਵਿੱਚ 200 ਦਿਨ ਕੰਮ, ਠੇਕੇਦਾਰੀ ਸਿਸਟਮ ਬੰਦ ਕਰਨਾ, ਪੁਰਾਣੀ ਪੈਨਸ਼ਨ ਦੀ ਬਹਾਲੀ, ਤਿੰਨ ਕਾਲੇ ਫੌਜਦਾਰੀ ਕਾਨੂੰਨਾਂ ਦੀ ਵਾਪਸੀ, ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਸਮੇਤ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਨੂੰ ਵਿਸ਼ੇਸ਼ ਪੈਕੇਜ ਪ੍ਰਦਾਨ ਕਰਨਾ, ਗੈਂਗਸਟਰਾਂ ਦੀਆਂ ਹਿੰਸਾਤਮਕ ਕਾਰਵਾਈਆਂ, ਰੇਤ, ਬੱਜਰੀ ਦੇ ਕਾਲਾ ਬਾਜ਼ਾਰ ਤੋਂ ਇਲਾਵਾ ਹੋਰ ਸਥਾਨਕ ਮੁੱਦੇ ਵੀ ਸ਼ਾਮਲ ਹੋਣਗੇ। ਸਿਕੰਦਰ ਸੰਧੂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਲੋਕ ਸਭਾਈ ਚੋਣਾਂ ਦੀ ਮੁੜ ਚਰਚਾ ਮੌਕੇ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਸੰਦਰਭ ਵਿੱਚ ਚੰਗਾ ਇਹ ਹੋਇਆ ਕਿ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਤੇ ਚਿੰਤਾ ਦਾ ਵਿਸ਼ਾ ਇਹ ਬਣਿਆ ਕਿ ਦੋ ਬੰਦੇ ਰੈਡੀਕਲ ਧਿਰਾਂ ਨਾਲ ਸੰਬੰਧਤ ਸਫਲ ਹੋ ਗਏ। ਆਖਿਰ ਵਿੱਚ ਕਮਿਊਨਿਸਟ ਆਗੂ ਨੇ ਸੱਦਾ ਦਿੱਤਾ ਕਿ ਸੀ ਪੀ ਆਈ ਦਾ ਸਥਾਪਨਾ ਦਿਵਸ, ਜੋ 26 ਦਸੰਬਰ ਨੂੰ ਆ ਰਿਹਾ ਹੈ, ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇ। ਉਹਨਾ ਦੱਸਿਆ ਕਿ ਆਉਣ ਵਾਲੀ 26 ਦਸੰਬਰ ਨੂੰ ਪਾਰਟੀ ਸੌ ਸਾਲ ਦੀ ਹੋ ਜਾਣੀ ਹੈ। ਕਾਨਪੁਰ ਵਿੱਚ ਪਾਰਟੀ ਦੀ ਸਥਾਪਨਾ ਹੋਈ ਸੀ ਤੇ ਉਥੇ ਹੀ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ।
ਕਾਰਜਕਰਨੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ, ਹਰਜਿੰਦਰ ਸਿੰਘ ਮੌਜੀ, ਸੰਤੋਸ਼ ਬਰਾੜ, ਮਹਿੰਦਰ ਪਾਲ ਮੋਹਾਲੀ, ਤਰਸੇਮ ਜੰਡਿਆਲਾ, ਜਸਵਿੰਦਰ ਸਿੰਘ ਜੰਡਿਆਲਾ, ਜਗੀਰ ਮੁਆਈ, ਮਹਿੰਦਰਪਾਲ ਘੋੜੇਬਾਹਾ ਅਤੇ ਵੀਰ ਕੁਮਾਰ ਸ਼ਾਮਲ ਸਨ।

LEAVE A REPLY

Please enter your comment!
Please enter your name here