ਨਵੀਂ ਦਿੱਲੀ : ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਮੰਗਲਵਾਰ ਐਲਾਨਿਆ ਕਿ ਉਹ ਹਰਿਆਣਾ ਅਸੰਬਲੀ ਚੋਣਾਂ ਮਿਲ ਕੇ ਲੜਨਗੇ। ਜੇ ਜੇ ਪੀ 70 ਤੇ ਆਜ਼ਾਦ ਦੀ ਪਾਰਟੀ 20 ਉਮੀਦਵਾਰ ਖੜ੍ਹੇ ਕਰੇਗੀ।
ਦੁਸ਼ਯੰਤ ਨੇ ਕਿਹਾ ਕਿ ਇਹ ਗੱਠਜੋੜ 1998 ਦੇ ਗੱਠਜੋੜ ਵਰਗਾ ਹੈ, ਜਦੋਂ ਇਨੈਲੋ ਪ੍ਰਧਾਨ ਦੇਵੀ ਲਾਲ ਨੇ ਬੀ ਆਰ ਅੰਬੇਡਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਨੂੰ ਲੈ ਕੇ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਦਿੱਲੀ ਬੋਟ ਕਲੱਬ ਦੇ ਅੰਦੋਲਨ ਦੀ ਹਮਾਇਤ ਕੀਤੀ ਸੀ। ਦੁਸ਼ਯੰਤ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਨਹੀਂ ਕਰਨਗੇ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਪਣੀ ਗੱਲ ’ਤੇ ਕਾਇਮ ਰਹਿਣਗੇ, ਦੁਸ਼ਯੰਤ ਨੇ ਕਿਹਾਭਾਜਪਾ ਨਾਲ ਕਦੇ ਗੱਠਜੋੜ ਨਹੀਂ ਕਰਾਂਗੇ। ਅਸੀਂ ਭਾਜਪਾ ਨਾਲ ਗੱਠਜੋੜ ਕਰਕੇ ਨੁਕਸਾਨ ਉਠਾਇਆ ਹੈ। ਭਾਜਪਾ ਦਾ ਅਖੌਤੀ ਐੱਨ ਡੀ ਏ ਸਿਰਫ ਬਿਹਾਰ ਤੇ ਆਂਧਰਾ ਤੱਕ ਸੀਮਤ ਹੈ। ਆਜ਼ਾਦ ਨੇ ਵੀ ਕਿਹਾ ਕਿ ਉਹ ਵੀ ਭਾਜਪਾ ਨਾਲ ਗੱਠਜੋੜ ਨਹੀਂ ਕਰਨਗੇ, ਕਿਉਕਿ ਉਸ ਨੇ ਕਿਸਾਨਾਂ ਸਣੇ ਆਮ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਦੋਹਾਂ ਆਗੂਆਂ ਦਾ ਆਸ਼ਾਵਾਦ ਹੈ ਕਿ ਉਹ ਸੂਬੇ ਵਿਚ ਸਰਕਾਰ ਬਣਾਉਣ ’ਚ ਬਾਦਸ਼ਾਹਗਰ (ਕਿੰਗਮੇਕਰ) ਬਣ ਸਕਦੇ ਹਨ।
ਸਿਆਸੀ ਅਬਜ਼ਰਵਰਾਂ ਦਾ ਕਹਿਣਾ ਹੈ ਕਿ ਇਹ ਗੱਠਜੋੜ ਕਾਂਗਰਸ ਦਾ ਨੁਕਸਾਨ ਕਰੇਗਾ ਤੇ ਭਾਜਪਾ ਦਾ ਫਾਇਦਾ ਕਰ ਸਕਦਾ ਹੈ, ਕਿਉਕਿ ਉਸ ਦੀ ਜਾਟਾਂ ਤੇ ਦਲਿਤਾਂ ਵਿਚ ਪੁਜ਼ੀਸ਼ਨ ਕਮਜ਼ੋਰ ਹੋਈ ਹੈ।