ਲਖਨਊ : ਮੰਗਲਵਾਰ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੁੜ ਸਰਬਸੰਮਤੀ ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਚੁਣ ਲਿਆ ਗਿਆ। ਇਹ ਫੈਸਲਾ ਬਸਪਾ ਕੇਂਦਰੀ ਕਾਰਜਕਾਰਨੀ ਕਮੇਟੀ ਅਤੇ ਕੌਮੀ ਪੱਧਰ ਦੇ ਅਹੁਦੇਦਾਰਾਂ, ਰਾਜ ਇਕਾਈਆਂ ਅਤੇ ਦੇਸ਼ ਭਰ ਤੋਂ ਚੁਣੇ ਗਏ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ। 68 ਸਾਲਾ ਮਾਇਆਵਤੀ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੀ ਹੈ। ਬਸਪਾ ਦੇ ਬਾਨੀ ਕਾਂਸ਼ੀ ਰਾਮ ਨੇ ਦੋ ਦਹਾਕੇ ਪਹਿਲਾਂ ਉਨ੍ਹਾ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਐਲਾਨਿਆ ਸੀ। ਇਸੇ ਦੌਰਾਨ ਮਾਇਆਵਤੀ ਨੇ ਕਿਹਾ ਹੈ ਕਿ ਉਹ ਸਰਗਰਮ ਸਿਆਸਤ ਤੋਂ ਰਿਟਾਇਰ ਨਹੀਂ ਹੋ ਰਹੀ। ਉਨ੍ਹਾ ਦੋਸ਼ ਲਾਇਆ ਕਿ ਜਾਤੀਵਾਦੀ ਮੀਡੀਆ ਅਜਿਹੀਆਂ ਫਰਜ਼ੀ ਖਬਰਾਂ ਦਾ ਪ੍ਰਚਾਰ ਕਰ ਰਿਹਾ ਹੈ। ਮਾਇਆਵਤੀ ਨੇ ਕਿਹਾਬਹੁਜਨਾਂ ਦੇ ਅੰਬੇਡਕਰਵਾਦੀ ਕਾਰਵਾਂ ਨੂੰ ਕਮਜ਼ੋਰ ਕਰਨ ਦੀਆਂ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਅਸਫਲ ਕਰਨ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਕਾਂਸ਼ੀ ਰਾਮ ਵਾਂਗ ਮੇਰੀ ਜ਼ਿੰਦਗੀ ਆਖਰੀ ਸਾਹ ਤੱਕ ਬਸਪਾ ਦੇ ਆਤਮ-ਸਨਮਾਨ ਤੇ ਸਵਾਭੀਮਾਨ ਅੰਦੋਲਨ ਨੂੰ ਸਮਰਪਤ ਕਰਨ ਦਾ ਮੇਰਾ ਫੈਸਲਾ ਅਟੱਲ ਹੈ।