ਮੁੰਬਈ : ਸੁਪਰੀਮ ਕੋਰਟ ਦੇ ਸਾਬਕਾ ਵਕੀਲ, ਵਿਦਵਾਨ ਤੇ ਸਿਆਸੀ ਟਿੱਪਣੀਕਾਰ ਅਬਦੁੱਲ ਗ਼ਫੂਰ ਨੂਰਾਨੀ (93) ਦਾ ਵੀਰਵਾਰ ਦੇਹਾਂਤ ਹੋ ਗਿਆ। ਅਖਬਾਰਾਂ ਤੇ ਰਸਾਲਿਆਂ ਵਿਚ ਉਨ੍ਹਾ ਦੇ ਲੇਖ ਕਾਫੀ ਪੜ੍ਹੇ ਜਾਂਦੇ ਸਨ। 1930 ਵਿਚ ਬੰਬੇ ਵਿਚ ਪੈਦਾ ਹੋਏ ਅਬਦੁੱਲ ਗ਼ਫੂਰ ਅਬਦੁੱਲ ਮਜੀਦ ਨੂਰਾਨੀ ਸਰਕਾਰ ਦੀਆਂ ਵਧੀਕੀਆਂ ਬਾਰੇ ਖੁੱਲ੍ਹ ਕੇ ਲਿਖਦੇ ਸਨ। ਉਨ੍ਹਾ ਦੀਆਂ ਕਿਤਾਬਾਂ ’ਚ : ਦੀ ਕਸ਼ਮੀਰ ਕੁਐਸ਼ਚਨ, ਆਰਟੀਕਲ 370 : ਏ ਕਾਂਸਟੀਚਿਊਸ਼ਨਲ ਹਿਸਟਰੀ ਆਫ ਜੰਮੂ ਐਂਡ ਕਸ਼ਮੀਰ, ਬਦਰੂਦੀਨ ਤੱਯਬਜੀ, ਪ੍ਰੈਜ਼ੀਡੈਂਸ਼ੀਅਲ ਸਿਸਟਮ, ਦੀ ਟ੍ਰਾਇਲ ਆਫ ਭਗਤ ਸਿੰਘ, ਦੀ ਡਿਸਟ੍ਰਸ਼ਨ ਆਫ ਹੈਦਰਾਬਾਦ ਅਤੇ ਦੀ ਆਰ ਐੱਸ ਐੱਸ : ਏ ਮੇਨਸ ਇਨ ਇੰਡੀਆ ਪ੍ਰਮੁੱਖ ਹਨ।
ਦੋ ਮਹੀਨਿਆਂ ਦੀ ਤਨਖਾਹ ਨਾ ਲੈਣ ਦਾ ਐਲਾਨ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਵਧ ਰਹੇ ਵਿੱਤੀ ਘਾਟੇ ਦਰਮਿਆਨ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਮੁੱਖ ਸੰਸਦੀ ਸਕੱਤਰ 2 ਮਹੀਨਿਆਂ ਦੀ ਨਾ ਤਾਂ ਤਨਖਾਹ ਲੈਣਗੇ, ਨਾ ਹੀ ਟੀ ਏ ਤੇ ਨਾ ਹੀ ਡੀ ਏ। ਸੁੱਖੂ ਨੇ ਵਿਧਾਇਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ।
ਮੋਦੀ ਨੂੰ ਇਸਲਾਮਾਬਾਦ ਦੌਰੇ ਦਾ ਸੱਦਾ
ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਕਤਬੂਰ ਵਿਚ ਸਰਕਾਰਾਂ ਦੇ ਮੁਖੀਆਂ ਦੀ ਇੱਥੇ ਹੋਣ ਵਾਲੀ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨਜ਼ ਕੌਂਸਲ ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਮੀਟਿੰਗ ਵਾਰੀ-ਵਾਰੀ ਸਿਰ ਹੁੰਦੀ ਹੈ ਤੇ ਐਤਕੀਂ 15-16 ਅਕਤੂਬਰ ਨੂੰ ਪਾਕਿਸਤਾਨ ਵਿਚ ਹੋ ਰਹੀ ਹੈ। ਇਸ ਜਥੇਬੰਦੀ ਦੇ ਮੈਂਬਰਾਂ ਵਿਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ ਮੈਂਬਰ ਹਨ।