ਬੱਜਰ ਗੁਨਾਹਾਂ ਲਈ ਸਾਬਕਾ ਉਪ ਮੁੱਖ ਮੰਤਰੀ ਤਨਖਾਹੀਆ ਕਰਾਰ, ਤਨਖਾਹ ਦਾ ਫੈਸਲਾ ਪੇਸ਼ ਹੋਣ ਵੇਲੇ, ਸਾਬਕਾ ਮੰਤਰੀਆਂ ਨੂੰ ਵੀ 15 ਦਿਨਾਂ ’ਚ ਸਫਾਈ ਦੇਣ ਦਾ ਆਦੇਸ਼
ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁੱਕਰਵਾਰ ਅਕਾਲ ਤਖਤ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੰਦਿਆਂ ਆਦੇਸ਼ ਜਾਰੀ ਕੀਤੇ ਕਿ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਅੰਦਰ-ਅੰਦਰ ਅਕਾਲ ਤਖਤ ’ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਤਨਖਾਹ ਲਵਾਏ।
ਪਹਿਲੀ ਜੁਲਾਈ 2024 ਨੂੰ ਬਾਗੀ ਅਕਾਲੀਆਂ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਆਦਿ ਨੇ ਪਿਛਲੇ ਸਮੇਂ ਅਕਾਲੀ ਸਰਕਾਰ ਸਮੇਂ ਹੋਏ ਬੱਜਰ ਗੁਨਾਹਾਂ ਲਈ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ ਇੱਕ ਕਬੂਲਨਾਮਾ ਦਿੱਤਾ ਸੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਸੰਗੀਨ ਦੋਸ਼ ਲਗਾਏ ਗਏ ਸਨ ਕਿ ਬੇਅਦਬੀਆਂ ਤੇ ਸੌਦਾ ਸਾਧ ਨੂੰ ਬਿਨਾਂ ਮੰਗੀ ਮੁਆਫੀ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਹੀ ਦਿੱਤੀ ਗਈ ਸੀ। ਇਸੇ ਸੰਦਰਭ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਸੀ। ਸੁਖਬੀਰ ਨੇ ਬਾਗੀਆਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਕਬੂਲ ਕਰਦਿਆਂ ਅਕਾਲ ਤਖਤ ਨੂੰ ਸਮਰਪਤ ਹੋਣ ਦਾ ਸੰਕਲਪ ਲਂੈਦਿਆਂ ਇੱਕ ਨਿਮਾਣੇ ਸਿੱਖ ਵਜੋਂ ਸਪੱਸ਼ਟੀਕਰਨ ਦਿੱਤਾ ਸੀ।
ਇਸੇ ਸੰਦਰਭ ਵਿੱਚ ਹੀ ਪੰਜ ਤਖਤਾਂ ਦੇ ਜਥੇਦਾਰਾਂ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਸ਼ਾਮਲ ਸਨ, ਨੇ ਗੁਰਮਤਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ।
ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਜਥੇਦਾਰਾਂ ਵੱਲੋਂ ਕੀਤਾ ਗੁਰਮਤਾ ਪੇਸ਼ ਕਰਦਿਆਂ ਕਿਹਾ ਕਿ ਪੰਜ ਜਥੇਦਾਰਾਂ ਦੀ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ, ਗ੍ਰਹਿ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁੰਦਿਆਂ ਹੋਇਆਂ ਕੁਝ ਅਜਿਹੇ ਫੈਸਲੇ ਲਏ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਅਤੇ ਪੰਥਕ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਪੁੱਜਾ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਅਕਾਲ ਤਖਤ ’ਤੇ ਪੇਸ਼ ਹੋ ਕੇ ਤਨਖਾਹ ਲਗਵਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਦੇ ਨਾਲ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ ਕਿ ਜਦੋਂ ਇਹ ਬੱਜਰ ਗੁਨਾਹ ਹੋ ਰਹੇ ਸਨ ਤਾਂ ਉਹ ਚੁੱਪ ਕਿਉਂ ਰਹੇ। ਉਨ੍ਹਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਤੱਕ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫੀ ਨਹੀਂ ਮੰਗਦਾ ਓਨਾ ਚਿਰ ਤੱਕ ਉਸ ਨੂੰ ਪੰਥਕ ਸਫਾਂ ਵਿੱਚ ਵਿਚਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ।
ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਗੁਰਮਤਾ ਪੜ੍ਹ ਰਹੇ ਸਨ ਤਾਂ ਉਸ ਸਮੇਂ ਸੁਖਬੀਰ ਸਿੰਘ ਬਾਦਲ ਸੰਗਤ ਵਿੱਚ ਹਾਜ਼ਰ ਸਨ। ਉਨ੍ਹਾ ਕਿਹਾ ਕਿ ਉਹ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਦੇ ਹਰ ਹੁਕਮ ਨੂੰ ਨਤਮਸਤਕ ਹੋ ਕੇ ਆਦੇਸ਼ ਤਸਲੀਮ ਕਰਦੇ ਹਨ ਤੇ ਜਲਦੀ ਹੀ ਅਕਾਲ ਤਖਤ ’ਤੇ ਪੇਸ਼ ਹੋ ਕੇ ਤਨਖਾਹ ਲਗਵਾਉੇਣਗੇ। ਉਨ੍ਹਾ ਕਿਹਾ ਕਿ ਅਕਾਲ ਤਖਤ ਸੁਪਰੀਮ ਹੈ ਤੇ ਹਰੇਕ ਨਾਨਕ ਨਾਮ ਲੇਵਾ ਸਿੱਖ ਦੀ ਆਸਥਾ ਸ੍ਰੀ ਅਕਾਲ ਤਖਤ ਦੇ ਸੰਕਲਪ ਵਿੱਚ ਹੈ। ਬੀਬੀ ਜਗੀਰ ਕੌਰ ਨੇ ਭਾਵੇਂ ਜਥੇਦਾਰ ਵੱਲੋਂ ਲਏ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਕਿ ਅਕਾਲ ਤਖਤ ਸਹਿਬ ਨੂੰ ਹਰ ਨਾਨਕ ਨਾਮ ਲੇਵਾ ਸਿੱਖ ਸਮਰਪਤ ਹੈ। ਉਨ੍ਹਾ ਕਿਹਾ ਕਿ ਉਹ ਵੀ ਅਕਾਲੀ ਕੈਬਨਿਟ ਵਿੱਚ ਸ਼ਾਮਲ ਸਨ ਪਰ ਉਨ੍ਹਾਂ ਨੇ 13 ਦਿਨਾਂ ਬਾਅਦ ਅਸਤੀਫਾ ਦੇ ਦਿੱਤਾ ਸੀ। ਉਹ ਵੀ ਜਥੇਦਾਰ ਸਾਹਿਬ ਨੂੰ ਆਪਣਾ ਪੱਖ ਲਿਖਤੀ ਰੂਪ ਵਿੱਚ ਦੇਣਗੇ। ਅਕਾਲੀ ਆਗੂ ਵਿਰਸਾ ਵਲਟੋਹਾ ਨੇ ਅਕਾਲ ਤਖਤ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਜਲਦੀ ਹੀ ਸੁਖਬੀਰ ਜੀ ਅਕਾਲ ਤਖਤ ’ਤੇ ਪੇਸ਼ ਹੋ ਕੇ ਤਨਖਾਹ ਲਗਵਾਉਣਗੇ। ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸੁਖਬੀਰ ਸਿੰਘ ਬਾਦਲ ਬਾਰੇ ਜਥੇਦਾਰ ਨੂੰ ਲਿਖਤੀ ਤੌਰ ’ਤੇ ਅਪੀਲ ਕੀਤੀ ਸੀ ਕਿ ਬੱਜਰ ਗੁੁਨਾਹਾਂ ਦੇ ਦੋਸ਼ੀ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਜਾਂ ਫਿਰ ਭਵਿੱਖ ਵਿੱਚ ਇਸ ਦੇ ਕਿਸੇ ਰਾਜਸੀ, ਧਾਰਮਿਕ ਤੇ ਸਮਾਜਿਕ ਤੌਰ ’ਤੇ ਵਿਚਰਨ ’ਤੇ ਰੋਕ ਲਗਾਈ ਜਾਵੇ।