ਟੋਕੀਓ ਤੋਂ ਬਾਅਦ ਪੈਰਿਸ ’ਚ ਵੀ ਗੋਲਡ ਮੈਡਲ

0
198

ਪੈਰਿਸ : ਇੱਥੇ ਚੱਲ ਰਹੀਆਂ ਪੈਰਾਲੰਪਿਕਸ ’ਚ ਸ਼ੂਟਰ ਅਵਨੀ ਲੇਖਰਾ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐਸ ਐਚ 1) ਮੁਕਾਬਲੇ ’ਚ ਜਿੱਤ ਹਾਸਲ ਕਰਦਿਆਂ ਦੋ ਪੈਰਾਲੰਪਿਕ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਤਿੰਨ ਵਰ੍ਹੇ ਪਹਿਲਾਂ ਟੋਕੀਓ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ 22 ਸਾਲਾ ਅਵਨੀ ਨੇ ਸ਼ਾਨਦਾਰ 249.7 ਦਾ ਸਕੋਰ ਬਣਾ ਕੇ 249.6 ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ। ਸ਼ੂੂਟਰ ਮੋਨਾ ਅੱਗਰਵਾਲ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। 11 ਸਾਲ ਦੀ ਉਮਰ ਵਿਚ ਕਾਰ ਹਾਦਸੇ ਦਾ ਸ਼ਿਕਾਰ ਹੋਈ ਅਵਨੀ ਸਰੀਰ ਦੇ ਹੇਠਲੇ ਹਿੱਸੇ ’ਚ ਅਧਰੰਗ ਹੋਣ ਕਾਰਨ ਵ੍ਹੀਲ ਚੇਅਰ ਦੇ ਸਹਾਰੇ ਚਲਦੀ ਹੈ। ਉਹ 2021 ’ਚ ਟੋਕੀਓ ਪੈਰਾਲੰਪਿਕਸ ’ਚ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਸੀ। ਐਸ ਐੱਚ 1 ਸ਼੍ਰੇਣੀ ਸ਼ੂਟਿੰਗ ’ਚ ਉਹ ਐਥਲੀਟ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀਆਂ ਬਾਹਾਂ, ਹੇਠਲਾ ਹਿੱਸਾ, ਲੱਤਾਂ ਜਾਂ ਕੋਈ ਅੰਗ ਨਹੀਂ ਹੁੰਦਾ।
ਕੁਆਲੀਫਿਕੇਸ਼ਨ ’ਚ ਡਿਫੈਂਡਿੰਗ ਚੈਂਪੀਅਨ ਅਵਨੀ 625.8 ਦੇ ਸਕੋਰ ਨਾਲ ਇਰੀਨਾ ਸਚੇਤਨਿਕ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਆਪਣੀ ਪਹਿਲੀ ਪੈਰਾਲੰਪਿਕ ’ਚ ਦੋ ਵਾਰ ਦੀ ਵਿਸ਼ਵ ਕੱਪ ਦੀ ਸੋਨ ਤਮਗਾ ਜੇਤੂ ਮੋਨਾ ਨੇ ਕੁਆਲੀਫਿਕੇਸਨ ’ਚ 623.1 ਦਾ ਸਕੋਰ ਬਣਾਇਆ ਅਤੇ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲ ’ਚ ਪ੍ਰਵੇਸ਼ ਕੀਤਾ।
ਪ੍ਰੀਤੀ ਪਾਲ ਨੇ ਟੀ-35 100 ਮੀਟਰ ਦੌੜ ’ਚ 14.21 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੇ ਦਾ ਤਮਗਾ ਜਿੱਤਿਆ। ਤੇਈ ਸਾਲਾ ਪ੍ਰੀਤੀ ਦਾ ਕਾਂਸੇ ਦਾ ਤਮਗਾ ਪੈਰਾਲੰਪਿਕ ਦੇ ਪੈਰਾ ਅਥਲੀਟਾਂ ’ਚ ਭਾਰਤ ਦਾ ਪਹਿਲਾ ਤਮਗਾ ਹੈ।
ਚੀਨ ਦੀ ਜੋਊ ਜੀਆ (13.58) ਨੇ ਸੋਨੇ ਅਤੇ ਗੁਓ ਕਿਆਨਕਿਆਨ (13.74) ਨੇ ਚਾਂਦੀ ਦਾ ਤਮਗਾਾ ਜਿੱਤਿਆ। ਟੀ-35 ਵਰਗ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ’ਚ ਤਾਲਮੇਲ ਸੰਬੰਧੀ ਵਿਕਾਰ ਹੋਵੇ ਜਿਵੇਂ ਹਾਈਪਰਟੋਨੀਆ, ਐਟੈਕਿਸ਼ੀਆ ਅਤੇ ਐਥੀਟੋਸਿਸ ਤੇ ਸੇੇਰੇਬ੍ਰਲ ਪਾਲਸੀ।

LEAVE A REPLY

Please enter your comment!
Please enter your name here