ਕਾਮਨਵੈਲਥ ਖੇਡਾਂ ‘ਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਅੰਮਿ੍ਤਸਰ ਪਹੁੰਚਣ ‘ਤੇ ਸਵਾਗਤ
ਅੰਮਿ੍ਤਸਰ (ਜਸਬੀਰ ਸਿੰਘ ਪੱਟੀ/ ਨਰਿੰਦਰਜੀਤ ਸਿੰਘ)
ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ‘ਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ, ਜਿਸ ‘ਚ ਮਰਦ ਅਤੇ ਮਹਿਲਾ ਟੀਮ ਦੇ ਖਿਡਾਰੀ ਸ਼ਾਮਲ ਹਨ, ਸ਼ਨੀਵਾਰ ਸਵੇਰੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ‘ਤੇ ਪਹੁੰਚੇ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਤੇ ਕੋਚਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਹਰੇਕ ਖਿਡਾਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ |
ਜ਼ਿਕਰਯੋਗ ਹੈ ਕਿ ਇਸ ਟੀਮ ਨੇ ਕਾਮਨਵੈਲਥ ਖੇਡਾਂ ‘ਚ ਭਾਰਤ ਲਈ 10 ਤਮਗੇ ਜਿੱਤੇ ਹਨ, ਜਿਸ ‘ਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ | ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿਚ ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ ਹਨ, ਜਿਨ੍ਹਾਂ ਵਿੱਚੋਂ ਇਕ ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ‘ਚ ਕਾਂਸੀ ਦਾ ਕਾਂਸੀ ਦਾ ਤਮਗਾ ਜਿੱਤਿਆ ਹੈ | ਭਗਵੰਤ ਮਾਨ ਨੇ ਪੰਜਾਬ ਦੇ ਤਮਗਾ ਜੇਤੂ ਖ਼ਿਡਾਰੀਆਂ ਲਈ ਇਨਾਮਾਂ ਦੀ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ, ਜਿਨ੍ਹਾਂ ‘ਚ ਚਾਂਦੀ ਦਾ ਤਮਗਾ ਜੇਤੂ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਮੁੱਖ ਮੰਤਰੀ ਵੱਲੋਂ ਐਲਾਨਿਆ ਜਾ ਚੁੱਕਾ ਹੈ | ਟੀਮ ਦੀ ਆਮਦ ਉਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਖਿਡਾਰੀਆਂ ਨੂੰ ਵਧਾਈ ਭੇਜੀ |
ਭਾਰਤ ਪੁੱਜੇ ਖਿਡਾਰੀਆਂ ‘ਚ ਮੀਰਾਂ ਬਾਈ ਚਾਨੂੰ, ਜਿਰਮੀ ਲਾਲਰੀਨੁਗਾ, ਅਚਿੰਤਾ ਸੀਉਲੀ, ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ, ਹਰਜਿੰਦਰ ਕੌਰ, ਗੁਰਦੀਪ ਸਿੰਘ, ਗੁਰੂਰਾਜਾ ਪੂਜਾਰੇ ਸ਼ਾਮਲ ਸਨ | ਇਸ ਤੋਂ ਇਲਾਵਾ ਅਜੇ ਸਿੰਘ, ਪੋਰੀ ਹਜਾਰਿਕਾ, ਊਸ਼ਾ ਕੁਮਾਰਾ ਅਤੇ ਪੂਰਨਿਮਾ ਪਾਂਡੇ ਵੀ ਭਾਰਤ ਪਹੁੰਚੇ ਖਿਡਾਰੀਆਂ ‘ਚ ਸ਼ਾਮਲ ਸਨ |