ਨਵੀਂ ਦਿੱਲੀ : ਬਿਹਾਰ ਦੀ ਹਾਕਮ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਤਰਜਮਾਨ ਕੇ ਸੀ ਤਿਆਗੀ ਨੇ ਪਾਰਟੀ ਦੇ ਕੌਮੀ ਤਰਜਮਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਐਤਵਾਰ ਪਾਰਟੀ ਨੇ ਦਿੱਤੀ।
ਤਿਆਗੀ ਦਾ ਸਟੈਂਡ ਅਕਸਰ ਉਨ੍ਹਾਂ ਦੀ ਪਾਰਟੀ ਦੇ ਆਪਣੀ ਭਾਈਵਾਲ ਭਾਜਪਾ ਨਾਲ ਮੱਤਭੇਦਾਂ ਨੂੰ ਉਭਾਰਨ ਵਾਲਾ ਹੁੰਦਾ ਸੀ।
ਜੇ ਡੀ (ਯੂ) ਨੇ ਇਕ ਬਿਆਨ ਵਿਚ ਕਿਹਾ ਕਿ ਇਸ ਖੇਤਰੀ ਪਾਰਟੀ ਦੇ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਅਤੇ ਉਨ੍ਹਾ ਦੀ ਥਾਂ ਰਾਜੀਵ ਰੰਜਨ ਪ੍ਰਸਾਦ ਨੂੰ ਕੌਮੀ ਤਰਜਮਾਨ ਨਿਯੁਕਤ ਕੀਤਾ ਹੈ। ਪਾਰਟੀ ਮੁਤਾਬਕ ਤਿਆਗੀ ਨੇ ‘ਨਿੱਜੀ ਕਾਰਨਾਂ’ ਕਰਕੇ ਅਹੁਦਾ ਛੱਡਿਆ ਹੈ, ਪਰ ਉਹ ਪਾਰਟੀ ਵਿਚ ‘ਸਿਆਸੀ ਸਲਾਹਕਾਰ’ ਵਜੋਂ ਕੰਮ ਕਰਦੇ ਰਹਿਣਗੇ।
ਤਿਆਗੀ ਨੇ ਕਿਹਾ ਕਿ ਹੁਣ ਪਾਰਟੀ ਦਾ ਬਚਾਅ ਕਰਨ ਲਈ ਕੁਝ ਖਾਸ ਰਹਿ ਨਹੀਂ ਸੀ ਗਿਆ, ਇਸ ਕਰਕੇ ਉਨ੍ਹਾ ਅਹੁਦਾ ਛੱਡ ਦਿੱਤਾ। ਇਹ ਦੋ ਸਾਲਾਂ ਵਿਚ ਦੂਜੀ ਵਾਰ ਹੈ ਕਿ ਤਿਆਗੀ ਕੌਮੀ ਤਰਜਮਾਨ ਵਜੋਂ ਹਟੇ ਹਨ। ਮਾਰਚ 2023 ਵਿਚ ਵੀ ਉਨ੍ਹਾ ਨੂੰ ਹਟਾ ਦਿੱਤਾ ਗਿਆ ਸੀ, ਪਰ ਨਿਤੀਸ਼ ਦੇ ਦਖਲ ਨਾਲ ਦੋ ਮਹੀਨੇ ਬਾਅਦ ਬਹਾਲ ਕਰ ਦਿੱਤਾ ਗਿਆ ਸੀ।
ਤਿਆਗੀ ਨੇ ਕਿਹਾ ਹੈਮੈਂ 1984 ਵਿਚ ਲੋਕ ਸਭਾ ਚੋਣ ਜਿੱਤਿਆ ਸੀ ਤੇ ਮੈਨੂੰ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਦੇ ਗੈਰਸਰਕਾਰੀ ਪ੍ਰੈੱਸ ਸਲਾਹਕਾਰ ਵਜੋਂ ਕੰਮ ਕਰਨ ਦਾ ਮਾਣ ਮਿਲਿਆ। ਮੈਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਵਰਗਿਆਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ।
ਇਹ ਪੁੱਛੇ ਜਾਣ ’ਤੇ ਕਿ ਕਿਹੜੀ ਗੱਲੋਂ ਉਨ੍ਹਾ ਅਹੁਦਾ ਤਿਆਗਿਆ, ਤਿਆਗੀ ਨੇ ਕਿਹਾਮੈਂ ਨਵੀਂ ਟੀਮ ਦਾ ਹਿੱਸਾ ਸੀ, ਜਿਸ ਵਿਚ ਨਿਤੀਸ਼ ਕੁਮਾਰ ਪ੍ਰਧਾਨ ਤੇ ਸੰਜੇ ਕੁਮਾਰ ਝਾਅ ਕੌਮੀ ਵਰਕਿੰਗ ਪ੍ਰਧਾਨ ਹਨ। ਮੈਂ ਮਹਿਸੂਸ ਕੀਤਾ ਕਿ ਬਹੁਤ ਕੰਮ ਕਰ ਚੁੱਕਾ ਹਾਂ, ਹੁਣ ਪਾਰਟੀ ਨੂੰ ਬਚਾਉਣ ਲਈ ਕੁਝ ਰਹਿ ਨਹੀਂ ਗਿਆ। ਮੈਂ ‘ਮਾਈ ਪ੍ਰੈਜ਼ੀਡੈਂਟਸ’ ਨਾਂਅ ਦੀ ਕਿਤਾਬ ’ਤੇ ਕੰਮ ਕਰ ਰਿਹਾ ਹਾਂ, ਜਿਨ੍ਹਾਂ ਪਾਰਟੀ ਪ੍ਰਧਾਨਾਂ ਨਾਲ ਮੈਂ ਕੰਮ ਕੀਤਾ। ਇਸ ਵਿਚ ਚੌਧਰੀ ਚਰਨ ਸਿੰਘ ਤੇ ਜਾਰਜ ਫਰਨਾਡੀਜ਼ ਤੋਂ ਸ਼ਰਦ ਪਵਾਰ ਤੇ ਨਿਤੀਸ਼ ਕੁਮਾਰ ਬਾਰੇ ਲਿਖ ਰਿਹਾ ਹਾਂ।
ਇਹ ਪੁੱਛੇ ਜਾਣ ’ਤੇ ਕਿ ਸਾਬਕਾ ਪ੍ਰਧਾਨ ਲੱਲਨ ਸਿੰਘ ਤੇ ਆਰ ਸੀ ਪੀ ਸਿੰਘ ਦਾ ਵੀ ਕਿਤਾਬ ਵਿਚ ਜ਼ਿਕਰ ਹੋਵੇਗਾ, ਤਿਆਗੀ ਨੇ ਕਿਹਾਨਹੀਂ। ਕਿਤਾਬ ਨਿਤੀਸ਼ ਕੁਮਾਰ ਤੱਕ ਆ ਕੇ ਮੁੱਕ ਜਾਵੇਗੀ।
ਇਸੇ ਦੌਰਾਨ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਤਿਆਗੀ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿਚ ਪਾਰਟੀ ਦੀ ਵਾਾਪਸੀ ਤੋਂ ਬਾਅਦ ਕੁਝ ਵਿਵਾਦਗ੍ਰਸਤ ਮੁੱਦਿਆਂ ’ਤੇ ਪਾਰਟੀ ਦਾ ਬਚਾਅ ਕਰਨ ਵਿਚ ਔਖ ਮਹਿਸੂਸ ਕਰ ਰਹੇ ਸਨ। ਤਿਆਗੀ ਦੇ ਸਾਂਝੇ ਸਿਵਲ ਕੋਡ, ਵਕਫ ਬੋਰਡ, ਫਲਸਤੀਨ ਬਾਰੇ ਸਖਤ ਬਿਆਨਾਂ ਨੇ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਇਹ ਬਿਆਨ ਭਾਜਪਾ ਨੂੰ ਅਸਹਿਜ ਕਰਨ ਵਾਲੇ ਸਨ। ਹਾਲ ਹੀ ਵਿਚ ਉਨ੍ਹਾ ਆਪੋਜ਼ੀਸ਼ਨ ਆਗੂਆਂ ਨਾਲ ਮਿਲ ਕੇ ਇਜ਼ਰਾਈਲ-ਹਮਾਸ ਜੰਗ ਬਾਰੇ ਬਿਆਨ ਦਿੱਤਾ ਸੀ। ਬਿਆਨ ਵਿਚ ਇਜ਼ਰਾਈਲ ਨੂੰ ਹਥਿਆਰਾਂ ਦੀ ਵਿਕਰੀ ਦਾ ਵਿਰੋਧ ਕੀਤਾ ਗਿਆ ਸੀ। ਪਾਰਟੀ ਸੂਤਰਾਂ ਮੁਤਾਬਕ ਗੱਠਜੋੜ ਦੀਆਂ ਪਾਰਟੀਆਂ ਵਿਦੇਸ਼ੀ ਮਾਮਲਿਆਂ ਵਿਚ ਸਰਕਾਰ ਨਾਲ ਮਿਲ ਕੇ ਚੱਲਦੀਆਂ ਹਨ, ਪਰ ਤਿਆਗੀ ਨੇ ਉਲਟ ਬਿਆਨ ਦਿੱਤਾ। ਕੇਂਦਰ ਵਿਚ ਜਾਇੰਟ ਸੈਕਟਰੀਆਂ ਤੇ ਹੋਰਨਾਂ ਅਫਸਰਾਂ ਦੀ ਸਿੱਧੀ ਭਰਤੀ ਬਾਰੇ ਵੀ ਤਿਆਗੀ ਨੇ ਕਿਹਾ ਸੀਸਰਕਾਰ ਨੇ ਇਸ ਦਾ ਇਸ਼ਤਿਹਾਰ ਦੇ ਕੇ ਆਪੋਜ਼ੀਸ਼ਨ ਦੇ ਹੱਥਾਂ ਵਿਚ ਹਥਿਆਰ ਫੜਾ ਦਿੱਤਾ ਹੈ। ਇਹ ਰਾਹੁਲ ਗਾਂਧੀ ਨੂੰ ਦੱਬੀਆਂ ਜਾਤਾਂ ਦੇ ਹੱਕਾਂ ਲਈ ਲੜਨ ਵਾਲਾ ਝੰਡਾ-ਬਰਦਾਰ ਬਣਾ ਦੇਵੇਗਾ। ਤਿਆਗੀ ਨੇ ਵਿਨੇਸ਼ ਫੋਗਾਟ ਨੂੰ ਉਲੰਪਿਕ ਮੈਡਲ ਨਾ ਮਿਲਣ ’ਤੇ ਕਿਹਾ ਸੀ ਕਿ ਲਗਦਾ ਹੈ ਕਿ ਉਸ ਨਾਲ ਸਾਜ਼ਿਸ਼ ਹੋਈ ਹੈ। ਇਹੀ ਗੱਲ ਕਾਂਗਰਸ ਨੇ ਕਹੀ ਸੀ। ਤਿਆਗੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਅਗਨੀਵੀਰ ਸਕੀਮ ਬਾਰੇ ਵੀ ਅਜਿਹਾ ਬਿਆਨ ਦਿੱਤਾ ਸੀ, ਜਿਹੜਾ ਭਾਜਪਾ ਨੂੰ ਫਿੱਟ ਨਹੀਂ ਬੈਠਦਾ ਸੀ।