ਲਖਨਊ : ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ-ਬਨਾਰਸ ਹਿੰਦੂ ਯੂਨੀਵਰਸਿਟੀ (ਆਈ ਆਈ ਟੀ-ਬੀ ਐੱਚ ਯੂ ਵਿਖੇ ਜਬਰ-ਜ਼ਨਾਹ ਕੇਸ ਦੇ ਤਿੰਨ ਵਿੱਚੋਂ ਦੋ ਮੁਲਜ਼ਮਾਂ ਦੀ ਜ਼ਮਾਨਤ ਉਤੇ ਰਿਹਾਈ ਦੇ ਮੁੱਦੇ ਉਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਉਤੇ ਜ਼ੋੋਰਦਾਰ ਹੱਲਾ ਬੋਲਦਿਆਂ ਭਾਜਪਾ ਆਗੂਆਂ ਦੇ ਮਹਿਲਾ ਸੁਰੱਖਿਆ ਬਾਰੇ ਦਾਅਵਿਆਂ ਨੂੰ ਪਾਖੰਡ ਕਰਾਰ ਦਿੱਤਾ ਹੈ।
‘ਐਕਸ’ ਵਿਚ ਇਕ ਪੋਸਟ ਰਾਹੀਂ ਯਾਦਵ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਮੁਲਜ਼ਮਾਂ ਦਾ ਰਿਹਾਈ ਤੋਂ ਬਾਅਦ ਜ਼ੋਰਦਾਰ ਸਵਾਗਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਯਾਦਵ ਨੇ ਕਿਹਾ ਕਿ ਸਰਕਾਰ ਵੱਲੋਂ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਨਾ ਕੀਤੇ ਜਾਣ ਕਾਰਨ ਮੁਲਜ਼ਮ ਰਿਹਾਅ ਹੋਏ ਹਨ। ਵਾਇਰਲ ਵੀਡੀਓ ਵਿਚ ਰਿਹਾਅ ਹੋਏ ਦੋਵੇਂ ਮੁਲਜ਼ਮਾਂ ਅਭਿਸ਼ੇਕ ਪਾਂਡੇ ਅਤੇ ਕੁਣਾਲ ਪਾਂਡੇ ਦਾ ਨਿੱਘਾ ਸਵਾਗਤ ਹੋਣ ਅਤੇ ਕੇਕ ਕੱਟੇ ਜਾਣ ਦੇ ਦਿ੍ਰਸ਼ ਹਨ। ਤਿੰਨਾਂ ਮੁਲਜ਼ਮਾਂ (ਤੀਜਾ ਮੁਲਜ਼ਮ ਸਕਸ਼ਮ ਪਟੇਲ) ਨੇ ਬੀਤੇ ਸਾਲ 1 ਨਵੰਬਰ ਦੀ ਰਾਤ ਇੰਸਟੀਚਿਊਟ ਦੀ ਵਿਦਿਆਰਥਣ ਨਾਲ ਉਦੋਂ ਜਬਰ-ਜ਼ਨਾਹ ਕੀਤਾ ਸੀ, ਜਦੋਂ ਉਹ ਆਪਣੇ ਦੋਸਤ ਨਾਲ ਬਾਹਰ ਘੁੰਮ ਰਹੀ ਸੀ।