ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਬਿਜਲੀ ਕਾਮਿਆਂ ਦੀ ਪ੍ਰਤੀਨਿਧਤਾ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਤੋਂ ਇਲਾਵਾ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ’ਤੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਐਤਵਾਰ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਦੀ ਵਾਅਦਾ-ਖਿਲਾਫ਼ੀ ਵਿਰੁੱਧ ਉਨ੍ਹਾਂ ਦੀ ਅੰਮਿ੍ਰਤਸਰ ਰਿਹਾਇਸ਼ ਵਿਖੇ ਲਾਮਿਸਾਲ ਸੂਬਾਈ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।ਸੂਬਾਈ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਰਣਜੀਤ ਸਿੰਘ ਢਿੱਲੋਂ ਨੇ ਠਾਠਾਂ ਮਾਰਦੇ ਵੱਡੇ ਇਕੱਠ ਵਿੱਚ ਕਿਹਾ ਕਿ 31 ਜੁਲਾਈ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਸਕੱਤਰ ਦੀ ਮੌਜੂਦਗੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਚੰਡੀਗੜ੍ਹ ਵਿਖੇ ਮੁਲਾਜ਼ਮ ਮਸਲਿਆਂ ’ਤੇ ਤਿੰਨ ਘੰਟੇ ਮੀਟਿੰਗ ਹੋਈ ਸੀ।ਇਸ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਅਨੁਸਾਰ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਵਾਰਾਂ ਨੂੰ ਇਕ ਕਰੋੜ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸੁਵਿਧਾ, ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਸੰਬੰਧਤ ਕਰਮਚਾਰੀ (ਜੇ ਈ, ਲਾਈਨਮੈਨ, ਸਹਾਇਕ ਲਾਈਨਮੈਨ ਆਦਿ) ਦੇ ਨਾਂਅ ਉੱਪਰ ਐੱਫ ਆਈ ਆਰ ਨਾ ਦਰਜ ਕਰਨ, ਆਰ ਟੀ ਐੱਮ ਦੀ ਤਰੱਕੀ ਤੁਰੰਤ ਕਰਨ, ਓ ਸੀ ਕੈਟਾਗਰੀ ਨੂੰ ਪੇ ਬੈਂਡ ਦੇਣ, ਸਲਮ ਤਂੋ ਲ ਮ ਦੀ ਤਰੱਕੀ ਕਰਨ, ਬਾਕੀ ਸਾਰੀਆਂ ਕੈਟੇਗਰੀਆਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਦੂਰ ਕਰਨ, ਇਨ ਹਾਊਸ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ, ਸੋਧੇ ਭੱਤਿਆਂ ਦਾ 32 ਮਹੀਨੇ ਦਾ ਬਕਾਇਆ ਜਾਰੀ ਕਰਨ, ਰਹਿੰਦੇ ਭੱਤੇ ਜਿਵੇਂ ਹਾਰਡਸ਼ਿਪ ਭੱਤਾ ਆਦਿ ਨੂੰ ਸੋਧ ਕੇ ਲਾਗੂ ਕਰਨ, ਪੁਨਰਗਠਨ ਦੇ ਨਾਂਅ ’ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਤੋਂ ਬਹਾਲ ਕਰਨ, 17 ਜੁਲਾਈ 2020 ਤੋਂ ਪਹਿਲਾਂ ਤਰਸ ਦੇ ਆਧਾਰ ’ਤੇ ਪ੍ਰਤੀ ਬੇਨਤੀ ਦੇਣ ਵਾਲੇ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਨਾਲ ਸੰਬੰਧਤ ਮਸਲੇ ਜਿਵੇਂ 23 ਸਾਲਾ ਅਡਵਾਂਸ ਤਰੱਕੀ ਦਾ ਮਿਲਾਨ ਤੀਸਰੀ ਤਰੱਕੀ ਸਮੇਂ ਕਰਨ, 1 ਨਵੰਬਰ 2021 ਤੋਂ ਬਾਅਦ ਸਮਾਂਬੱਧ ਸਕੇਲ ਲਾਗੂ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਤਰੱਕੀ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਮੰਗਾਂ ਲਾਗੂ ਕਰਨ ਦੀ ਥਾਂ ਵਰਕ ਟੂ ਰੂਲ ਅਨੁਸਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਐਸਮਾ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਅਤੇ ਮੈਨੇਜਮੈਂਟ/ਪੰਜਾਬ ਸਰਕਾਰ ਪ੍ਰਤੀ ਬੇਵਿਸ਼ਵਾਸੀ ਦਾ ਮਾਹੌਲ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਵਰਕ ਟੂ ਰੂਲ ਤਹਿਤ ਆਪਣੀ ਬਣਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ।10 ਸਤੰਬਰ ਤੋਂ 12 ਸਤੰਬਰ ਤੱਕ ਤਿੰਨ ਦਿਨ ਦੀ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ।ਸੰਘਰਸ਼ ਦੌਰਾਨ ਸਾਰੇ ਜੇ ਈ ਵੱਲੋਂ ਈ ਆਰ ਪੀ ਲਾਗੂ ਨਹੀਂ ਕਰਨਗੇ। ਇਸ ਤੋਂ ਇਲਾਵਾ ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਪੂਰੀ ਮੈਨੇਜਮੈਂਟ/ਡਾਇਰੈਕਟਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।ਧਰਨੇ ਦੌਰਾਨ ਸੰਬੋਧਨ ਕਰਦਿਆਂ ਸਰਵਸਾਥੀ ਬਲਦੇਵ ਸਿੰਘ ਮੰਢਾਲੀ, ਸਰਬਜੀਤ ਸਿੰਘ ਭਾਣਾ, ਅਵਤਾਰ ਸਿੰਘ ਸ਼ੇਰਗਿੱਲ, ਸੁਰਿੰਦਰ ਪਾਲ ਲਾਹੌਰੀਆ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸੋਰ, ਸੁਖਵਿੰਦਰ ਸਿੰਘ ਚਾਹਲ, ਮਨਜੀਤ ਸਿੰਘ ਚਾਹਲ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਦਲੀਪ ਕੁਮਾਰ, ਹਰਮਨਦੀਪ, ਗੁਰਵਿੰਦਰ ਸਿੰਘ ਹਜਾਰਾ ਆਦਿ ਤੋਂ ਇਲਾਵਾ ਪਾਵਰਕਾਮ/ਟ੍ਰਾਂਸਕੋ ਪੈਨਸ਼ਨ ਯੂਨੀਅਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਪੈਨਸ਼ਨ ਐਸੋਸੀਏਸ਼ਨ ਦੇ ਸੂਬਾ ਆਗੂ ਸਵਿੰਦਰਪਾਲ ਸਿੰਘ ਮੋਲੋਵਾਲੀ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ/ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਨਾ ਲਾਗੂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਵਿੱਚ ਹੋਰ ਵਾਧਾ ਕੀਤਾ ਜਾਵੇਗਾ, ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਆਪਣੀ ਹੋਵੇਗੀ।ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਨੇ ਧਰਨੇ ਵਿੱਚ ਸ਼ਾਮਲ ਹੋਏ ਬਿਜਲੀ ਨਿਗਮ ਦੀਆਂ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਸਮੇਤ ਸਮੁੱਚੇ ਮੁਲਾਜ਼ਮ ਵਰਗ ਦਾ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।